ਰਾਜੌਰੀ 'ਚ ਸੜਕ ਹਾਦਸੇ 'ਚ ਫੌਜ ਦੇ ਪੈਰਾਟਰੂਪਰ ਦੀ ਮੌਤ, ਪੰਜ ਕਮਾਂਡੋ ਜ਼ਖਮੀ

Wednesday, Sep 18, 2024 - 12:00 AM (IST)

ਰਾਜੌਰੀ 'ਚ ਸੜਕ ਹਾਦਸੇ 'ਚ ਫੌਜ ਦੇ ਪੈਰਾਟਰੂਪਰ ਦੀ ਮੌਤ, ਪੰਜ ਕਮਾਂਡੋ ਜ਼ਖਮੀ

ਰਾਜੌਰੀ/ਜੰਮੂ — ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ 'ਚ ਮੰਗਲਵਾਰ ਨੂੰ ਇਕ ਵਾਹਨ ਸੜਕ ਤੋਂ ਫਿਸਲ ਕੇ ਡੂੰਘੀ ਖੱਡ 'ਚ ਡਿੱਗਣ ਕਾਰਨ ਫੌਜ ਦਾ ਇਕ ਪੈਰਾਟਰੂਪਰ ਮਾਰਿਆ ਗਿਆ ਅਤੇ ਪੰਜ ਕਮਾਂਡੋ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਫੌਜ ਨੇ ਦੱਸਿਆ ਕਿ ਇਹ ਹਾਦਸਾ ਸਰਹੱਦੀ ਜ਼ਿਲੇ ਦੇ ਮੰਜਾਕੋਟ ਇਲਾਕੇ 'ਚ ਦੇਰ ਸ਼ਾਮ ਉਸ ਸਮੇਂ ਵਾਪਰਿਆ ਜਦੋਂ ਫੌਜੀ ਅੱਤਵਾਦ ਵਿਰੋਧੀ ਡਿਊਟੀ ਲਈ ਨਿਕਲੇ ਸਨ। ਜੰਮੂ ਸਥਿਤ ਵ੍ਹਾਈਟ ਨਾਈਟ ਕੋਰ ਨੇ ਇੱਕ ਪੋਸਟ ਵਿੱਚ ਕਿਹਾ ਕਿ ਲਾਂਸ ਨਾਇਕ ਬਲਜੀਤ ਸਿੰਘ ਦੀ ਹਾਦਸੇ ਵਿੱਚ ਮੌਤ ਹੋ ਗਈ।

ਫੌਜ ਨੇ ਕਿਹਾ, “ਵ੍ਹਾਈਟ ਨਾਈਟ ਕੋਰ ਦੇ ਜੀ.ਓ.ਸੀ. (ਜਨਰਲ ਅਫਸਰ ਕਮਾਂਡਿੰਗ) ਅਤੇ ਸਾਰੇ ਰੈਂਕ ਦੇ ਅਧਿਕਾਰੀ ਰਾਜੌਰੀ ਨੇੜੇ ਮੰਜਾਕੋਟ ਅੱਤਵਾਦ ਵਿਰੋਧੀ ਡਿਊਟੀ ਦੌਰਾਨ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਆਪਣੀ ਜਾਨ ਗੁਆਉਣ ਵਾਲੇ ਲਾਂਸ ਨਾਇਕ ਬਲਜੀਤ ਸਿੰਘ ਦੇ ਪਰਿਵਾਰ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਨ। ਅਸੀਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦੇ ਹਾਂ।” ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ 'ਚ ਫੌਜ ਦੀ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਉਨ੍ਹਾਂ ਦੱਸਿਆ ਕਿ ਸਥਾਨਕ ਪਿੰਡ ਵਾਸੀਆਂ ਸਮੇਤ ਬਚਾਅ ਕਰਮਚਾਰੀਆਂ ਨੇ ਛੇ ਜ਼ਖ਼ਮੀ ਕਮਾਂਡੋਜ਼ ਨੂੰ ਬਾਹਰ ਕੱਢਿਆ, ਜਿਨ੍ਹਾਂ ਵਿੱਚੋਂ ਇੱਕ ਦੀ ਇਲਾਜ ਦੌਰਾਨ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਕ ਹੋਰ ਜ਼ਖਮੀ ਵਿਅਕਤੀ ਦੀ ਹਾਲਤ 'ਨਾਜ਼ੁਕ' ਬਣੀ ਹੋਈ ਹੈ।


author

Inder Prajapati

Content Editor

Related News