ਮਹਾਰਾਸ਼ਟਰ ਚੋਣਾਂ: 5 ਵਜੇ ਤੱਕ ਰਿਕਾਰਡ ਵੋਟਿੰਗ, ਗੜ੍ਹਚਿਰੌਲੀ 'ਚ ਪਈਆਂ ਸਭ ਤੋਂ ਵੱਧ ਵੋਟਾਂ
Wednesday, Nov 20, 2024 - 06:05 PM (IST)
ਮੁੰਬਈ- ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤਹਿਤ ਵੋਟਿੰਗ ਜਾਰੀ ਹੈ। ਸੁਸਤ ਸ਼ੁਰੂਆਤ ਤੋਂ ਬਾਅਦ ਮਹਾਰਾਸ਼ਟਰ ਵਿਚ ਵੋਟਿੰਗ ਵਧਣੀ ਸ਼ੁਰੂ ਹੋ ਗਈ। ਬੁੱਧਵਾਰ ਨੂੰ ਇਕੋ ਪੜਾਅ ਦੀਆਂ ਵਿਧਾਨ ਸਭਾ ਚੋਣਾਂ ਦੀ ਵੋਟਿੰਗ 5.00 ਵਜੇ ਤੱਕ 58.22 ਫ਼ੀਸਦੀ ਤੱਕ ਪਹੁੰਚ ਗਈ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਮਹਾਰਾਸ਼ਟਰ ਦੇ ਨਕਸਲ ਪ੍ਰਭਾਵਿਤ ਗੜ੍ਹਚਿਰੌਲੀ ਜ਼ਿਲ੍ਹੇ ਵਿਚ ਸਭ ਤੋਂ ਵੱਧ 62.99 ਫੀਸਦੀ ਵੋਟਿੰਗ ਦਰਜ ਕੀਤੀ ਗਈ, ਜਦੋਂ ਕਿ ਠਾਣੇ ਜ਼ਿਲ੍ਹੇ 'ਚ ਸਭ ਤੋਂ ਘੱਟ 38.94 ਫੀਸਦੀ ਅਤੇ ਮੁੰਬਈ ਸ਼ਹਿਰ 'ਚ ਦੁਪਹਿਰ 3 ਵਜੇ ਤੱਕ 39.34 ਫੀਸਦੀ ਵੋਟਿੰਗ ਦਰਜ ਕੀਤੀ ਗਈ।
ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਮੁੰਬਈ ਉਪਨਗਰ 'ਚ 40.89 ਫੀਸਦੀ, ਨਾਗਪੁਰ ਵਿਚ 44.45 ਫੀਸਦੀ, ਔਰੰਗਾਬਾਦ 'ਚ 47.05 ਫੀਸਦੀ, ਪੁਣੇ ਵਿਚ 41.70 ਫੀਸਦੀ, ਨਾਸਿਕ 'ਚ 46.86 ਫੀਸਦੀ, ਸਤਾਰਾ ਵਿਚ 49.82 ਫੀਸਦੀ, ਧੂਲੇ ਵਿਚ 74 ਫੀਸਦੀ, ਵੋਟਿੰਗ ਹੋਈ। ਨਾਂਦੇੜ 42.87 ਫੀਸਦੀ ਅਤੇ ਲਾਤੂਰ 48.34 ਫੀਸਦੀ।
ਦੱਸ ਦੇਈਏ ਕਿ ਮਹਾਰਾਸ਼ਟਰ ਵਿਚ 288 ਸੀਟਾਂ 'ਤੇ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਹਨ। ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ। ਸਾਰੇ ਦਿੱਗਜ਼ ਨੇਤਾ ਵੋਟਾਂ ਪਾਈ। ਇਸ ਦਰਮਿਆਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਨਾਗਪੁਰ ਵਿਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਗਡਕਰੀ ਨੇ ਕਿਹਾ ਕਿ ਸਾਰਿਆਂ ਨੂੰ ਵੋਟ ਪਾਉਣੀ ਚਾਹੀਦੀ ਹੈ। ਲੋਕਤੰਤਰ ਵਿਚ ਵੋਟ ਪਾਉਣਾ ਸਾਡਾ ਅਧਿਕਾਰ ਹੈ। ਮੈਂ ਲੋਕਾਂ ਨੂੰ ਵੱਡੀ ਗਿਣਤੀ ਵਿਚ ਵੋਟ ਪਾਉਣ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੀ ਅਪੀਲ ਕਰਦਾ ਹਾਂ। ਓਧਰ ਮਹਾਰਾਸ਼ਟਰ ਨਵ-ਨਿਰਮਆਣ ਸੈਨਾ (MNS) ਦੇ ਚੀਫ ਰਾਜ ਠਾਕਰੇ ਦੇ ਪੁੱਤਰ ਅਮਿਤ ਠਾਕੁਰ ਨੇ ਮਾਹਿਮ ਵਿਧਾਨ ਸਭਾ ਸੀਟ ਤੋਂ ਵੋਟ ਪਾਈ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਦੇ ਉਮੀਦਵਾਰ ਦੇ ਤੌਰ 'ਤੇ ਮੈਂ ਚੰਗੀਆਂ ਵੋਟਾਂ ਨਾਲ ਜਿੱਤਾਂਗਾ। ਮੇਰੀ ਅਪੀਲ ਹੈ ਕਿ ਲੋਕ ਘਰਾਂ ਵਿਚੋਂ ਬਾਹਰ ਨਿਕਲਣ ਅਤੇ ਵੋਟ ਪਾਉਣ।