5ਜੀ ਟਾਵਰ ਦੀ ਟੈਸਟਿੰਗ ਦੇ ਮਾੜੇ ਪ੍ਰਭਾਵ ਨੂੰ ਦਿੱਤਾ ਜਾ ਰਿਹਾ ਕੋਰੋਨਾ ਦਾ ਨਾਮ, ਜਾਣੋ ਕੀ ਹੈ ਸੱਚਾਈ
Monday, May 10, 2021 - 06:50 PM (IST)
ਨਵੀਂ ਦਿੱਲੀ- ਦੇਸ਼ ਭਰ 'ਚ ਕੋਰੋਨਾ ਦੇ ਸੰਕਰਮਣ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਹਾਲਾਤ ਦੇਖਦੇ ਹੋਏ ਕਈ ਸੂਬਿਆਂ 'ਚ ਲਾਕਡਾਊਨ ਲਗਾ ਦਿੱਤਾ ਗਿਆ ਹੈ। ਲਾਕਡਾਊਨ ਕਾਰਨ ਲੋਕ ਘਰਾਂ 'ਚ ਕੈਦ ਹੋ ਗਏ ਹਨ। ਘਰਾਂ 'ਚ ਰਹਿ ਕੇ ਜਿੱਥੇ ਇਕ ਪਾਸੇ ਲੋਕ ਸੋਸ਼ਲ ਮੀਡੀਆ 'ਤੇ ਆਪਣਾ ਟਾਈਮ ਬਿਤਾ ਰਹੇ ਹਨ, ਉੱਥੇ ਹੀ ਕੁਝ ਲੋਕ ਇਸ ਚੀਜ਼ ਦਾ ਫ਼ਾਇਦਾ ਚੁੱਕਣ 'ਚ ਲੱਗੇ ਹੋਏ ਹਨ। ਲੋਕ ਫਰਜ਼ੀ ਮੈਸੇਜ ਭੇਜ ਕੇ ਕੋਰੋਨਾ ਕਾਲ 'ਚ ਦੂਜਿਆਂ ਨੂੰ ਗੁੰਮਰਾਹ ਕਰਨ 'ਚ ਲੱਗੇ ਹਨ।
ਅਜਿਹਾ ਹੀ ਇਕ ਮੈਸੇਜ ਇੰਨੀਂ ਦਿਨੀਂ ਵਾਇਰਲ ਹੋ ਰਿਹਾ ਹੈ। ਵਾਇਰਲ ਮੈਸੇਜ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਸ ਮਹਾਮਾਰੀ ਨੂੰ ਹੈਸ਼ਟੈਗ ਕੋਰੋਨਾ ਦਾ ਨਾਮ ਦਿੱਤਾ ਜਾ ਰਿਹਾ ਹੈ, ਉਹ ਕੋਰੋਨਾ ਨਹੀਂ ਸਗੋਂ 5ਜੀ ਟਾਵਰ ਦੀ ਟੈਸਟਿੰਗ ਦੇ ਮਾੜੇ ਪ੍ਰਭਾਵ ਹਨ ਪਰ ਭਾਰਤ ਸਰਕਾਰ ਦੀ ਸੰਸਥਾ ਪੀ.ਆਈ.ਬੀ. ਨੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕੀਤਾ ਹੈ। ਵਾਇਰਲ ਮੈਸੇਜ ਦੇ ਦਾਅਵਿਆਂ ਦੀ ਜਾਂਚ ਤੋਂ ਬਾਅਦ #PIBFactCheck ਨੇ ਟਵੀਟ ਕਰ ਕੇ ਦੱਸਿਆ ਹੈ ਕਿ ਇਹ ਦਾਅਵਾ ਫਰਜ਼ੀ ਹੈ। ਗਲੋਬਲ ਮਹਾਮਾਰੀ ਕੋਵਿਡ-19 ਦੇ ਸੰਦਰਭ 'ਚ ਅਜਿਹੀਆਂ ਗਲਤ ਸੂਚਨਾਵਾਂ ਸਾਂਝੀਆਂ ਨਾ ਕਰੋ ਅਤੇ ਸਹੀ ਜਾਣਕਾਰੀ ਲਈ ਪ੍ਰਮਾਣਿਤ ਸੂਤਰਾਂ 'ਤੇ ਹੀ ਵਿਸ਼ਵਾਸ ਕਰੋ।