ਜੰਮੂ: ਗੁਰੇਜ਼ ਘਾਟੀ ਦੇ ਬਰਫ਼ੀਲੇ ਇਲਾਕੇ ਤੋਂ 58 ਯਾਤਰੀਆਂ ਨੂੰ ਕੀਤਾ ਏਅਰਲਿਫਟ

Wednesday, Feb 08, 2023 - 10:21 AM (IST)

ਜੰਮੂ: ਗੁਰੇਜ਼ ਘਾਟੀ ਦੇ ਬਰਫ਼ੀਲੇ ਇਲਾਕੇ ਤੋਂ 58 ਯਾਤਰੀਆਂ ਨੂੰ ਕੀਤਾ ਏਅਰਲਿਫਟ

ਜੰਮੂ/ਬਾਂਦੀਪੋਰਾ (ਸਤੀਸ਼)- ਜ਼ਿਲ੍ਹਾ ਪ੍ਰਸ਼ਾਸਨ ਬਾਂਦੀਪੋਰਾ ਨੇ ਮੰਗਲਵਾਰ ਨੂੰ ਗੁਰੇਜ਼ ਅਤੇ ਬਾਂਦੀਪੋਰਾ ਵਿਚਕਾਰ ਲਗਭਗ 58 ਯਾਤਰੀਆਂ ਨੂੰ ਏਅਰਲਿਫਟ ਕੀਤਾ, ਜਿਸ ’ਚ ਜੰਮੂ ਅਤੇ ਕਸ਼ਮੀਰ ਸਰਵਿਸ ਸਲੈਕਸ਼ਨ ਬੋਰਡ  (JKSSB) ਪ੍ਰੀਖਿਆ ’ਚ ਸ਼ਾਮਲ ਹੋਣ ਵਾਲੇ 5 ਵਿਦਿਆਰਥੀ ਅਤੇ 9 ਮਰੀਜ਼ ਸ਼ਾਮਲ ਸਨ। ਡਿਪਟੀ ਕਮਿਸ਼ਨਰ ਬਾਂਦੀਪੋਰਾ ਡਾ. ਓਵੈਸ ਅਹਿਮਦ ਦੀਆਂ ਹਦਾਇਤਾਂ ’ਤੇ ਪ੍ਰੀਖਿਆ ’ਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਅਤੇ ਮਰੀਜ਼ਾਂ ਨੂੰ ਪਹਿਲ ਦੇ ਕੇ ਬਰਫ਼ੀਲੀ ਗੁਰੇਜ਼ ਘਾਟੀ ’ਚ ਫਸੇ ਯਾਤਰੀਆਂ ਨੂੰ ਏਅਰਲਿਫਟ ਕਰਨ ਲਈ ਇਕ ਵਿਸ਼ੇਸ਼ ਹੈਲੀਕਾਪਟਰ ਸੇਵਾ ਸ਼ੁਰੂ ਕੀਤੀ ਗਈ ਸੀ।

ਇਕ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 29 ਯਾਤਰੀਆਂ ਨੂੰ ਬਾਂਦੀਪੋਰਾ ਤੋਂ ਗੁਰੇਜ਼ ’ਚ ਦਾਵਰ ਲਿਜਾਇਆ ਗਿਆ, ਜਦਕਿ 22 ਯਾਤਰੀਆਂ ਨੂੰ ਦਾਵਰ ਤੋਂ ਬਾਂਦੀਪੋਰਾ ਲਿਜਾਇਆ ਗਿਆ। ਇਸ ਤੋਂ ਇਲਾਵਾ 3 ਯਾਤਰੀਆਂ ਨੂੰ ਹਵਾਈ ਮਾਰਗ ਤੋਂ ਕੰਜਲਵਾਨ ਤੋਂ ਬਾਂਦੀਪੋਰਾ ਜਦਕਿ 4 ਮਰੀਜ਼ਾਂ ਨੂੰ ਨੀਰੂ (ਤੁਲੈਲ) ਤੋਂ ਬਾਂਦੀਪੋਰਾ ਲਿਜਾਇਆ ਗਿਆ। ਯਾਤਰੀਆਂ ’ਚ 5 ਵਿਦਿਆਰਥੀ ਸਨ, ਜਿਨ੍ਹਾਂ ਨੇ JKSSB ਪ੍ਰੀਖਿਆ ’ਚ ਸ਼ਾਮਲ ਹੋਣਾ ਸੀ, ਉਨ੍ਹਾਂ ਨੂੰ ਬਾਂਦੀਪੋਰਾ ਲਿਜਾਇਆ ਗਿਆ।

ਯਾਤਰੀਆਂ ’ਚ 9 ਮਰੀਜ਼ ਅਤੇ 3 ਸੇਵਾਦਾਰ ਵੀ ਸ਼ਾਮਲ ਸਨ, ਜਿਨ੍ਹਾਂ ਨੂੰ ਡਾਕਟਰੀ ਸਹਾਇਤਾ ਲਈ ਬਾਂਦੀਪੋਰਾ ਲਿਜਾਇਆ ਗਿਆ। ਡੀ. ਸੀ. ਨਿੱਜੀ ਤੌਰ ’ਤੇ ਇਸ ਪ੍ਰਕਿਰਿਆ ਦੀ ਨਿਗਰਾਨੀ ਕਰ ਰਹੇ ਸਨ। ਇਹ ਸਾਰੀ ਪ੍ਰਕਿਰਿਆ ਜ਼ਿਲ੍ਹਾ ਅਤੇ ਉਪ ਜ਼ਿਲ੍ਹਾ ਅਧਿਕਾਰੀਆਂ ਵਿਚਕਾਰ ਤਾਲਮੇਲ ਵਾਲੀ ਕਵਾਇਦ ਨਾਲ ਹੋਈ। ਗੁਰੇਜ਼ ਦੇ ਲੋਕਾਂ ਵਿਸ਼ੇਸ਼ ਤੌਰ ’ਤੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਡੀ. ਸੀ. ਬਾਂਦੀਪੋਰਾ ਦਾ ਧੰਨਵਾਦ ਕੀਤਾ।


author

Tanu

Content Editor

Related News