ਪੀਲੀਭੀਤ 'ਚ ਕੱਢਿਆ ਗਿਆ ਨਗਰ ਕੀਰਤਨ, 55 ਸਿੱਖਾਂ 'ਤੇ ਮਾਮਲਾ ਦਰਜ

12/31/2019 11:27:26 AM

ਪੀਲੀਭੀਤ— ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲੇ ਦੇ ਖੇਰੀ ਨੌਬਰਾਮਦ ਪਿੰਡ 'ਚ ਸਥਿਤ ਗੁਰਦੁਆਰਾ ਕੀਰਤਪੁਰ ਸਾਹਿਬ ਤੋਂ ਨਗਰ ਕੀਰਤਨ ਕੱਢਿਆ ਗਿਆ, ਇਸ ਦੌਰਾਨ ਕਰੀਬ 55 ਸਿੱਖ ਸ਼ਰਧਾਲੂਆਂ ਵਿਰੁੱਧ ਸੀ. ਪੀ. ਸੀ. ਦੀ ਧਾਰਾ-144 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ ਇਹ ਸਿੱਖ ਸ਼ਰਧਾਲੂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ 'ਚ ਸ਼ਹੀਦੀ ਦਿਵਸ ਮਨਾ ਰਹੇ ਸਨ। ਐੱਫ. ਆਈ. ਆਰ. 'ਚ 5 ਲੋਕਾਂ ਨੂੰ ਨਾਮਜ਼ਦ ਅਤੇ 50 ਅਣਪਛਾਤੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਮੁਤਾਬਕ ਬੀਤੇ ਐਤਵਾਰ ਨੂੰ ਨਗਰ ਕੀਰਤਨ ਪ੍ਰਸ਼ਾਸਨ ਦੀ ਆਗਿਆ ਤੋਂ ਬਿਨਾਂ ਕੱਢਿਆ ਗਿਆ ਸੀ, ਜਿਸ ਕਾਰਨ ਧਾਰਾ-144 ਦੇ ਉਲੰਘਣ ਦਾ ਮਾਮਲਾ ਦਰਜ ਕੀਤਾ ਗਿਆ। ਇਸ ਧਾਰਾ ਤਹਿਤ ਇਕ ਥਾਂ ਤੇ 4 ਜਾਂ ਇਸ ਤੋਂ ਵਧ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਹੁੰਦੀ ਹੈ। ਪੁਲਸ ਨੇ ਨਗਰ ਕੀਰਤਨ 'ਚ ਸ਼ਾਮਲ ਕੇਸਰੀ ਝੰਡਿਆਂ ਵਾਲੀ ਇਕ ਕਾਰ ਨੂੰ ਵੀ ਜ਼ਬਤ ਕੀਤਾ ਹੈ। 

ਓਧਰ ਐੱਸ. ਐੱਚ. ਓ. ਸੰਜੀਵ ਕੁਮਾਰ ਉਪਾਧਿਆਏ ਮੁਤਾਬਕ ਸ਼ਰਧਾਲੂਆਂ 'ਤੇ ਭਾਰਤੀ ਸਜ਼ਾ ਜ਼ਾਬਤਾ ਦੀ ਧਾਰਾ-188 (ਲੋਕ ਸੇਵਕ ਦੇ ਆਦੇਸ਼ ਦੀ ਉਲੰਘਣਾ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਖੇਰੀ ਨੌਬਰਾਮਦ ਪਿੰਡ ਦੇ ਪ੍ਰਧਾਨ ਰਣਜੀਤ ਸਿੰਘ ਨੇ ਹਾਲਾਂਕਿ ਕਿਹਾ ਕਿ ਉਨ੍ਹਾਂ ਨੇ ਕਾਲੀਨਗਰ ਤਹਿਸੀਲ ਦੇ ਉੱਪ ਜ਼ਿਲਾ ਅਧਿਕਾਰੀ ਹਰੀਓਮ ਸ਼ਰਮਾ ਤੋਂ ਇਜਾਜ਼ਤ ਮੰਗੀ ਸੀ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸ਼ਰਧਾਲੂ ਇਹ ਸੋਚ ਰਹੇ ਸਨ ਕਿ ਉਹ ਬਿਨਾਂ ਕੋਈ ਗੜਬੜ ਦੇ ਸਿਰਫ ਸ਼ਾਂਤੀਪੂਰਨ ਨਗਰ ਕੀਰਤਨ ਕੱਢ ਰਹੇ ਸਨ। ਪੁਲਸ ਦੀ ਅਜਿਹੀ ਕਾਰਵਾਈ ਨਿੰਦਣਯੋਗ ਹੈ। ਕੱਢੇ ਗਏ ਇਸ ਨਗਰ ਕੀਰਤਨ ਵਿਚ ਔਰਤਾਂ ਅਤੇ ਬੱਚਿਆਂ ਦੀ ਵੀ ਵੱਡੀ ਗਿਣਤੀ ਮੌਜੂਦ ਸੀ। 

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਮਾਮਲੇ ਤੋਂ ਜਾਣੂ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਨੇ ਪੁਲਸ ਦੀ ਕਾਰਵਾਈ ਦੀ ਨਿੰਦਾ ਕੀਤੀ ਹੈ। ਸਿਰਸਾ ਨੇ ਕਿਹਾ ਕਿ ਉਹ ਇਹ ਮਾਮਲਾ ਉੱਤਰ ਪ੍ਰਦੇਸ਼ ਪੁਲਸ ਪ੍ਰਸ਼ਾਸਨ ਦੇ ਸਾਹਮਣੇ ਚੁੱਕਣਗੇ ਅਤੇ ਯਕੀਨੀ ਕਰਨਗੇ ਕਿ ਭਵਿੱਖ ਵਿਚ ਅਜਿਹੀ ਘਟਨਾ ਨਾ ਦੋਹਰਾਈ ਜਾਵੇ।


Tanu

Content Editor

Related News