ਜੰਮੂ ਰੇਲ ਟ੍ਰੈਕ ਪ੍ਰਭਾਵਿਤ : ਵੈਸ਼ਨੋ ਦੇਵੀ ਵੰਦੇ ਭਾਰਤ, ਰਾਜਧਾਨੀ, ਮਾਲਵਾ ਸਮੇਤ 52 ਟ੍ਰੇਨਾਂ ਰੱਦ, ਯਾਤਰੀ ਪ੍ਰੇਸ਼ਾਨ

Sunday, Aug 31, 2025 - 11:40 PM (IST)

ਜੰਮੂ ਰੇਲ ਟ੍ਰੈਕ ਪ੍ਰਭਾਵਿਤ : ਵੈਸ਼ਨੋ ਦੇਵੀ ਵੰਦੇ ਭਾਰਤ, ਰਾਜਧਾਨੀ, ਮਾਲਵਾ ਸਮੇਤ 52 ਟ੍ਰੇਨਾਂ ਰੱਦ, ਯਾਤਰੀ ਪ੍ਰੇਸ਼ਾਨ

ਜਲੰਧਰ (ਪੁਨੀਤ)-ਜੰਮੂ ਮੰਡਲ ਵਿਚ ਕਠੂਆ-ਮਾਧੋਪੁਰ ਰੇਲ ਸੈਕਸ਼ਨ ਵਿਚਕਾਰ ਆਵਾਜਾਈ ’ਚ ਪੂਰੀ ਤਰ੍ਹਾਂ ਰੁਕਾਵਟ ਪੈਣ ਅਤੇ ਟ੍ਰੈਕ ਮਿਸ ਅਲਾਈਨਮੈਂਟ ਦੀ ਸਮੱਸਿਆ ਕਾਰਨ ਰੇਲਵੇ ਪ੍ਰਸ਼ਾਸਨ ਨੇ ਕਈ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਹੈ ਅਤੇ ਨਾਲ ਹੀ ਕੁਝ ਨੂੰ ਸ਼ਾਰਟ-ਟਰਮੀਨੇਟ ਅਤੇ ਸ਼ਾਰਟ-ਓਰਿਜਿਨੇਟ ਕੀਤਾ ਹੈ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸੇ ਕ੍ਰਮ ਵਿਚ 1 ਸਤੰਬਰ ਨੂੰ ਚੱਲਣ ਵਾਲੀਆਂ ਕੁੱਲ 52 ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ 1 ਟ੍ਰੇਨ ਨੂੰ ਸ਼ਾਰਟ ਟਰਮੀਨੇਟ ਅਤੇ 1 ਟ੍ਰੇਨ ਸ਼ਾਰਟ ਓਰਿਜਿਨੇਟ ਹੋਵੇਗੀ। ਰੱਦ ਕੀਤੀਆਂ ਗਈਆਂ ਟ੍ਰੇਨਾਂ ਵਿਚ ਵੰਦੇ ਭਾਰਤ ਦੇ ਨਾਲ-ਨਾਲ ਜੰਮੂ ਤੋਂ ਚੱਲਣ ਵਾਲੀਆਂ ਪ੍ਰਮੁੱਖ ਟ੍ਰੇਨਾਂ ਸ਼ਾਮਲ ਹਨ। ਇਨ੍ਹਾਂ ਟ੍ਰੇਨਾਂ ਵਿਚ ਜੰਮੂ-ਪੁਣੇ ਜੇਹਲਮ, ਜੰਮੂ-ਵਾਰਾਣਸੀ, ਜੰਮੂ-ਦਿੱਲੀ ਰਾਜਧਾਨੀ, ਜੰਮੂ-ਅਜਮੇਰ, ਜੰਮੂ-ਹਾਵੜਾ, ਹਿਮਗਿਰੀ, ਜੰਮੂ-ਬਾਂਦਰਾ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਚੱਲਣ ਵਾਲੀ ਵੰਦੇ ਭਾਰਤ, ਉੱਤਰੀ ਸੰਪਰਕ ਕ੍ਰਾਂਤੀ, ਸਵਰਾਜ, ਸਰਵੋਦਿਆ, ਮਾਲਵਾ, ਕੇਪ ਕਾਮਰਾਨ ਐਕਸਪ੍ਰੈੱਸ ਅਤੇ ਹੋਰ ਟ੍ਰੇਨਾਂ ਸ਼ਾਮਲ ਹਨ।

ਇਸ ਦੇ ਨਾਲ ਹੀ ਪੁਣੇ-ਜੰਮੂ, ਦਿੱਲੀ-ਜੰਮੂ ਰਾਜਧਾਨੀ, ਵਾਰਾਣਸੀ-ਜੰਮੂ ਐਕਸਪ੍ਰੈੱਸ, ਕੋਲਕਾਤਾ-ਜੰਮੂ ਹਮਸਫਰ, ਲੋਹਿਤ, ਅਮਰਨਾਥ, ਅਜਮੇਰ-ਜੰਮੂ ਪੂਜਾ, ਸਵਰਾਜ, ਨਵੀਂ ਦਿੱਲੀ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵੰਦੇ ਭਾਰਤ, ਸ਼੍ਰੀ ਸ਼ਕਤੀ, ਉੱਤਰ ਸੰਪਰਕ ਕ੍ਰਾਂਤੀ ਐਕਸਪ੍ਰੈੱਸ ਸਮੇਤ ਕਈ ਟ੍ਰੇਨਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ।

ਰੇਲਵੇ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਯਾਤਰਾ ਕਰਨ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ ਜਾਂ ਹੈਲਪਲਾਈਨ ਤੋਂ ਆਪਣੀਆਂ ਟ੍ਰੇਨਾਂ ਦੀ ਸਥਿਤੀ ਦੀ ਜਾਂਚ ਕਰਨ। ਸਥਿਤੀ ਆਮ ਹੋਣ ਤੋਂ ਬਾਅਦ ਹੀ ਟ੍ਰੇਨਾਂ ਦਾ ਸੰਚਾਲਨ ਮੁੜ ਸ਼ੁਰੂ ਕੀਤਾ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰੀ ਬਾਰਿਸ਼ ਅਤੇ ਟ੍ਰੈਕ ’ਤੇ ਸਮੱਸਿਆਵਾਂ ਕਾਰਨ ਇਹ ਸਥਿਤੀ ਪੈਦਾ ਹੋਈ ਹੈ। ਮੁਰੰਮਤ ਦਾ ਕੰਮ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ।

ਉਥੇ ਹੀ, ਟ੍ਰੇਨਾਂ ਵਿਚ ਦੇਰੀ ਦੀ ਲੜੀ ਵਿਚ ਅੰਮ੍ਰਿਤਸਰ ਜਾਣ ਵਾਲੀ ਆਮਰਪਾਲੀ ਐਕਸਪ੍ਰੈੱਸ 15707 ਦੁਪਹਿਰ 2:30 ਵਜੇ ਤੋਂ ਬਾਅਦ ਸ਼ਹਿਰ ਦੇ ਸਟੇਸ਼ਨ ’ਤੇ ਪਹੁੰਚੀ, ਜੋ ਕਿ ਆਪਣੇ ਨਿਰਧਾਰਤ ਸਮੇਂ ਸਵੇਰੇ 10:30 ਵਜੇ ਤੋਂ 4 ਘੰਟੇ ਦੀ ਦੇਰੀ ਨਾਲ ਸੀ। ਇਸ ਦੌਰਾਨ ਹੀਰਾਕੁੰਡ, ਗੋਲਡਨ ਟੈਂਪਲ, ਛੱਤੀਸਗੜ੍ਹ ਸਮੇਤ ਵੱਖ-ਵੱਖ ਟ੍ਰੇਨਾਂ ਨੇ ਲੋਕਾਂ ਨੂੰ ਘੰਟਿਆਂਬੱਧੀ ਉਡੀਕ ਕਰਨ ਲਈ ਮਜਬੂਰ ਕੀਤਾ।


author

Hardeep Kumar

Content Editor

Related News