ਬਘਿਆੜ ਦੇ ਹਮਲੇ ''ਚ 5 ਸਾਲਾ ਮਾਸੂਮ ਜ਼ਖ਼ਮੀ, ਗਰਦਨ ''ਤੇ ਦੰਦਾਂ ਦੇ ਨਿਸ਼ਾਨ
Tuesday, Sep 03, 2024 - 02:13 PM (IST)
ਬਹਿਰਾਈਚ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹੇ ਦੀ ਮਹਸੀ ਤਹਿਸੀਲ ਵਿਚ ਇਕ 5 ਸਾਲਾ ਬੱਚੀ 'ਤੇ ਬਘਿਆੜ ਨੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਕੁੜੀ ਦੇ ਗਲੇ 'ਤੇ ਜੰਗਲੀ ਜਾਨਵਰ ਦੇ ਦੰਦਾਂ ਦੇ ਨਿਸ਼ਾਨ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਪੰਡੋਹੀਆ ਗ੍ਰਾਮ ਪੰਚਾਇਤ ਦੇ ਮਾਜਰਾ ਗਿਰਧਰਪੁਰਵਾ 'ਚ ਸੋਮਵਾਰ ਰਾਤ ਅਨਵਰ ਅਲੀ ਦੀ ਪੰਜ ਸਾਲਾ ਧੀ ਅਫਸਾਨਾ ਘਰ 'ਚ ਸੁੱਤੀ ਹੋਈ ਸੀ। ਫਿਰ ਬਘਿਆੜ ਘਰ ਵਿਚ ਵੜਿਆ ਅਤੇ ਉਸ ਦੀ ਗਰਦਨ ਫੜ ਲਈ। ਬੱਚੀ ਦੀ ਚੀਕ ਸੁਣ ਕੇ ਪਿਤਾ ਅਨਵਰ ਅਲੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਰੌਲਾ ਪਾਇਆ ਅਤੇ ਬਘਿਆੜ ਨੂੰ ਘੇਰ ਲਿਆ ਤਾਂ ਬਘਿਆੜ ਬੱਚੀ ਨੂੰ ਛੱਡ ਕੇ ਖੇਤਾਂ ਵੱਲ ਭੱਜ ਗਿਆ। ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਜ਼ਖਮੀ ਅਫਸਾਨਾ ਨੂੰ ਕਮਿਊਨਿਟੀ ਹੈਲਥ ਸੈਂਟਰ ਮਹਸੀ ਲੈ ਗਏ ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਬਹਿਰਾਇਚ ਦੇ ਜ਼ਿਲ੍ਹਾ ਸੂਚਨਾ ਦਫ਼ਤਰ ਨੇ ਅਧਿਕਾਰਤ ਤੌਰ 'ਤੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਬਘਿਆੜ ਦੇ ਹਮਲੇ 'ਚ ਪੰਜ ਸਾਲਾ ਬੱਚੀ ਜ਼ਖ਼ਮੀ ਹੋ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਮਹਸੀ ਇਲਾਕੇ ਦੇ ਭਾਜਪਾ ਵਿਧਾਇਕ ਸੁਰੇਸ਼ਵਰ ਸਿੰਘ ਮੌਕੇ 'ਤੇ ਪਹੁੰਚੇ ਅਤੇ ਪੀੜਤ ਪਰਿਵਾਰ ਅਤੇ ਡਰ ਦੇ ਮਾਰੇ ਪਿੰਡ ਵਾਸੀਆਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ।
ਜ਼ਿਕਰਯੋਗ ਹੈ ਕਿ ਬਹਿਰਾਈਚ ਦੀ ਮਹਸੀ ਤਹਿਸੀਲ ਖੇਤਰ 'ਚ ਬਘਿਆੜ ਮਾਰਚ ਤੋਂ ਹੀ ਇਨਸਾਨਾਂ 'ਤੇ ਹਮਲਾ ਕਰ ਰਹੇ ਹਨ। ਜੁਲਾਈ ਮਹੀਨੇ ਤੋਂ ਲੈ ਕੇ ਸੋਮਵਾਰ ਰਾਤ ਤੱਕ ਇਨ੍ਹਾਂ ਹਮਲਿਆਂ 'ਚ 7 ਬੱਚਿਆਂ ਸਮੇਤ ਕੁੱਲ 8 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਤਿੰਨ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋਏ ਹਨ। ਦੇਵੀਪਾਟਨ ਡਿਵੀਜ਼ਨ ਦੇ ਕਮਿਸ਼ਨਰ ਸ਼ਸ਼ੀਭੂਸ਼ਣ ਲਾਲ ਸੁਸ਼ੀਲ ਨੇ ਸੋਮਵਾਰ ਨੂੰ ਕਿਹਾ ਸੀ,"ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਘਟਨਾਵਾਂ ਨੂੰ ਲੈ ਕੇ ਚਿੰਤਤ ਹਨ ਅਤੇ ਲਗਾਤਾਰ ਅਧਿਕਾਰੀਆਂ ਤੋਂ ਘਟਨਾਵਾਂ ਦੀ ਜਾਣਕਾਰੀ ਲੈ ਰਹੇ ਹਨ ਅਤੇ ਉਨ੍ਹਾਂ ਨੂੰ ਨਿਰਦੇਸ਼ ਦੇ ਰਹੇ ਹਨ। ਸੋਮਵਾਰ ਰਾਤ ਨੂੰ ਮੁੱਖ ਮੰਤਰੀ ਆਦਿਤਿਆਨਾਥ ਨੇ ਵੀਡੀਓ ਕਾਨਫਰੰਸ ਰਾਹੀਂ ਪ੍ਰਦੇਸ਼, ਜ਼ੋਨ, ਮੰਡਲ ਪੱਧਰੀ ਅਤੇ 10 ਜ਼ਿਲ੍ਹਿਆਂ ਦੇ ਜ਼ਿਲ੍ਹਾ ਮੈਜਿਸਟਰੇਟ, ਪੁਲਸ ਸੁਪਰਡੈਂਟ ਅਤੇ ਜੰਗਲਾਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਇਕ ਵਰਚੁਅਲ ਮੀਟਿੰਗ ਕਰਕੇ ਘਟਨਾਵਾਂ ਬਾਰੇ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8