ਅਣਪਛਾਤੇ ਵਿਅਕਤੀ ਵਲੋਂ ਸਾਢੇ 5 ਸਾਲਾ ਬੱਚੀ ਨਾਲ ਜਬਰ ਜਨਾਹ

06/25/2019 7:40:06 PM

ਨਰਸਿੰਘਪੁਰ: ਸ਼ਹਿਰ ਦੇ ਸਟੇਸ਼ਨਗੰਜ ਥਾਣਾ ਖੇਤਰ 'ਚ ਸਾਢੇ 5 ਸਾਲ ਦੀ ਬੱਚੀ ਨਾਲ ਅਣਪਛਾਤੇ ਵਿਅਕਤੀ ਵਲੋਂ ਕਥਿਤ ਤੌਰ 'ਤੇ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲਾ ਪੁਲਸ ਇੰਚਾਰਜ ਗੁਰੂਕਰਨ ਸਿੰਘ ਨੇ ਦੱਸਿਆ ਕਿ ਸਟੇਸ਼ਨਗੰਜ ਥਾਣਾ ਖੇਤਰ 'ਚ ਸੋਮਵਾਰ ਦੀ ਰਾਤ ਸਾਢੇ 5 ਸਾਲ ਦੀ ਬੱਚੀ ਨਾਲ ਇਕ ਅਣਪਛਾਤੇ ਵਿਅਕਤੀ ਨੇ ਜਬਰ ਜਨਾਹ ਕੀਤਾ। ਉਨ੍ਹਾਂ ਕਿਹਾ ਕਿ ਸਟੇਸ਼ਨਗੰਜ ਥਾਣੇ ਨਾਲ ਲੱਗਦੇ ਬੱਸ ਅੱਡੇ ਨੇੜੇ ਖਾਲੀ ਪਏ ਮੈਦਾਨ 'ਚ ਕੁੱਝ ਪਰਿਵਾਰ ਰਹਿੰਦੇ ਹਨ, ਜਿਥੇ ਸੋਮਵਾਰ ਦੀ ਰਾਤ ਪੀੜਤਾ ਆਪਣੀ ਛੋਟੀ ਭੈਣ ਤੇ ਮਾਂ ਦੇ ਨਾਲ ਸੁੱਤੀ ਪਈ ਸੀ। ਰਾਤ ਨੂੰ ਦੋਸ਼ੀ ਬੱਚੀ ਨੂੰ ਚੁੱਕ ਕੇ ਲੈ ਗਿਆ ਤੇ ਅੰਡਰਬ੍ਰਿਜ ਨੇੜੇ ਇਮਲੀ ਦੇ ਦਰੱਖਤ ਹੇਠਾਂ ਲਿਜਾ ਕੇ ਬੱਚੀ ਨਾਲ ਜਬਰ-ਜਨਾਹ ਕੀਤਾ ਤੇ ਉਸ ਤੋਂ ਬਾਅਦ ਉਸ ਨੂੰ ਉਥੇ ਛੱਡ ਕੇ ਫਰਾਰ ਹੋ ਗਿਆ। 

ਪੁਲਸ ਇੰਚਾਰਜ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਕਿਸੇ ਵਿਅਕਤੀ ਨੇ ਪੀੜਤ ਦੇ ਪਰਿਵਾਰਕ ਮੈਂਬਰਾਂ ਨੂੰ ਅੰਡਰਬ੍ਰਿਜ ਨੇੜੇ ਬੱਚੀ ਦੇ ਬੇਹੋਸ਼ੀ ਦੀ ਹਾਲਤ 'ਚ ਪਏ ਹੋਣ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ ਤੇ ਤੁਰੰਤ ਐਂਬੂਲੈਂਸ ਰਾਹੀ ਉਸ ਨੂੰ ਜ਼ਿਲਾ ਹਸਪਤਾਲ 'ਚ ਦਾਖਲ ਕਰਵਾਇਆ। ਉਨ੍ਹਾਂ ਕਿਹਾ ਕਿ ਬੱਚੀ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਜਬਲਪੁਰ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਕੁਲੈਕਟਰ ਦੀਪਕ ਸਕਸੈਨਾ ਤੇ ਪੁਲਸ ਇੰਚਾਰਜ ਗੁਰਕਰਨ ਸਿੰਘ ਮੌਕੇ 'ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਘਟਨਾ ਸਥਾਨ 'ਤੇ ਫਾਰੇਂਸਿਕ ਸਾਈਂਸ ਲੈਬੋਰੇਟਰੀ (ਐਫ. ਐਸ. ਐਲ.) ਟੀਮ ਨੇ ਸਬੂਤ ਇੱਕਠੇ ਕੀਤੇ, ਜਿਥੇ ਇਕ ਪੱਥਰ 'ਤੇ ਖੂਨ ਲੱਗਾ ਮਿਲਿਆ। ਪੱਥਰ ਸਮੇਤ ਮੌਕੇ 'ਤੇ ਹੋਰ ਚੀਜ਼ਾਂ ਦੇ ਤੌਰ 'ਤੇ ਜਾਣਕਾਰੀ ਇੱਕਠੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀ ਦੀ ਭਾਲ ਜਾਰੀ ਹੈ।
 


Related News