ਮਹਾਰਾਸ਼ਟਰ: 26 ਸਾਲ ਪੁਰਾਣੀ ਇਮਾਰਤ ਦਾ ਹਿੱਸਾ ਹੋਇਆ ਢੇਹਿ-ਢੇਰੀ, 7 ਲੋਕਾਂ ਦੀ ਮੌਤ

Saturday, May 29, 2021 - 11:52 AM (IST)

ਮਹਾਰਾਸ਼ਟਰ: 26 ਸਾਲ ਪੁਰਾਣੀ ਇਮਾਰਤ ਦਾ ਹਿੱਸਾ ਹੋਇਆ ਢੇਹਿ-ਢੇਰੀ, 7 ਲੋਕਾਂ ਦੀ ਮੌਤ

ਠਾਣੇ (ਭਾਸ਼ਾ)— ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਉੱਲਹਾਸਨਗਰ ਕਸਬੇ ਵਿਚ ਇਮਾਰਤ ਦਾ ਇਕ ਹਿੱਸਾ ਢਹਿ ਜਾਣ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਸ਼ਨੀਵਾਰ ਯਾਨੀ ਕਿ ਅੱਜ ਇਸ ਬਾਬਤ ਜਾਣਕਾਰੀ ਦਿੱਤੀ। ਠਾਣੇ ਜ਼ਿਲ੍ਹੇ ਦੇ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਸੂਬਾ ਸਰਕਾਰ ਮਿ੍ਰਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 5-5 ਲੱਖ ਰੁਪਏ ਦੀ ਮਦਦ ਰਾਸ਼ੀ ਦੇਵੇਗੀ। ਮਰਨ ਵਾਲਿਆਂ ਵਿਚ ਇਕ ਨਾਬਾਲਗ, 3 ਬੀਬੀਆਂ ਅਤੇ 3 ਪੁਰਸ਼ ਸ਼ਾਮਲ ਹਨ। ਦਰਅਸਲ ਨਹਿਰੂ ਚੌਕ ਵਿਚ ਸਥਿਤ 5 ਮੰਜ਼ਿਲਾ ਇਮਾਰਤ ‘ਸਾਈਂ ਸ਼ਕਤੀ’ ਦਾ ਇਕ ਹਿੱਸਾ ਸ਼ੁੱਕਰਵਾਰ ਦੇਰ ਰਾਤ ਢਹਿ ਗਿਆ। ਦੇਰ ਰਾਤ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਘਟਨਾ ’ਚ 6 ਲੋਕਾਂ ਦੀ ਮੌਤ ਹੋ ਗਈ ਅਤੇ 4 ਜਾਂ 5 ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ ਹੈ।

PunjabKesari

ਠਾਣੇ ਨਗਰ ਨਿਗਮ ਦੇ ਖੇਤੀ ਆਫ਼ਤ ਪ੍ਰਬੰਧਨ ਸੈੱਲ ਦੇ ਮੁਖੀ ਸੰਤੋਸ਼ ਕਦਮ ਨੇ ਦੱਸਿਆ ਕਿ ਮਲਬੇ ਹੇਠੋਂ ਇਕ ਹੋਰ ਲਾਸ਼ ਬਰਾਮਦ ਹੋਣ ਨਾਲ ਘਟਨਾ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 7 ਹੋ ਗਈ ਹੈ। ਇਸ ਹਾਦਸੇ ਵਿਚ 3 ਬੀਬੀਆਂ, 3 ਪੁਰਸ਼ ਅਤੇ ਇਕ ਨਾਬਾਲਗ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਮਾਰੇ ਗਏ ਲੋਕ ਦੋ ਪਰਿਵਾਰਾਂ ਤੋਂ ਸਨ। ਇਹ ਇਮਾਰਤ 26 ਸਾਲ ਪੁਰਾਣੀ ਹੈ ਅਤੇ ਇਸ ’ਚ 29 ਫਲੈਟ ਹਨ। 

PunjabKesari

ਕਦਮ ਨੇ ਦੱਸਿਆ ਕਿ ਰਾਤ 9 ਵਜੇ 5 ਫਲੈਟਾਂ ਦੇ ਲਿਵਿੰਗ ਰੂਮ ਵਾਲਾ ਹਿੱਸਾ ਢਹਿ-ਢੇਰੀ ਹੋ ਗਿਆ। ਸੂਚਨਾ ਮਿਲਣ ’ਤੇ ਖੇਤਰੀ ਆਫ਼ਤ ਮੋਚਨ ਬਲ ਅਤੇ ਠਾਣੇ ਆਫ਼ਤ ਮੋਚਨ ਬਲ ਦੇ ਕਾਮੇ ਘਟਨਾ ਵਾਲੀ ਥਾਂ ’ਤੇ ਪੁੱਜੇ ਅਤੇ ਉਨ੍ਹਾਂ ਨੇ ਤਲਾਸ਼ੀ ਅਤੇ ਬਚਾਅ ਮੁਹਿੰਮ ਸ਼ੁਰੂ ਕੀਤਾ। ਅਧਿਕਾਰੀ ਦੱਸਿਆ ਕਿ 7ਵੀਂ ਲਾਸ਼ ਬਰਾਮਦ ਹੋਣ ਮਗਰੋਂ ਸ਼ੁੱਕਰਵਾਰ ਦੇਰ ਰਾਤ 12.46 ਵਜੇ ਤਲਾਸ਼ੀ ਮੁੁਹਿੰਮ ਬੰਦ ਕਰ ਦਿੱਤੀ ਗਈ। ਸ਼ਿੰਦੇ ਸਥਿਤੀ ਦਾ ਜਾਇਜ਼ਾ ਲੈਣ ਲਈ ਘਟਨਾ ਵਾਲੀ ਥਾਂ ’ਤੇ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਹਾਲ ਹੀ ਦੇ ਦਿਨਾਂ ਵਿਚ ਇਸ ਖੇਤਰ ’ਚ ਇਹ ਦੂਜੀ ਅਜਿਹੀ ਘਟਨਾ ਹੈ। 


author

Tanu

Content Editor

Related News