CM ਖੱਟੜ ਦਾ ਫਰਜ਼ੀ ਮੌਤ ਸਰਟੀਫਿਕੇਟ ਜਾਰੀ ਕਰਨ ਵਾਲੇ ਗਿਰੋਹ ਦੇ 5 ਮੈਂਬਰ ਗ੍ਰਿਫ਼ਤਾਰ
Friday, Mar 03, 2023 - 05:34 PM (IST)

ਸੋਨਭਦਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਸੋਨਭਦਰ ਜ਼ਿਲ੍ਹੇ ਦੇ ਪੰਨੂਗੰਜ ਥਾਣੇ ਦੀ ਪੁਲਸ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਫਰਜ਼ੀ ਮੌਤ ਦਾ ਸਰਟੀਫਿਕੇਟ ਜਾਰੀ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਵਧੀਕ ਪੁਲਸ ਸੁਪਰਡੈਂਟ (ਆਪਰੇਸ਼ਨ) ਤ੍ਰਿਭੁਵਨ ਨਾਥ ਤ੍ਰਿਪਾਠੀ ਨੇ ਸ਼ੁੱਕਰਵਾਰ ਇਕ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਮੁੱਖ ਮੈਡੀਕਲ ਅਫ਼ਸਰ ਦੇ ਦਫ਼ਤਰ ਦੇ ਜਨਮ ਅਤੇ ਮੌਤ ਬਾਰੇ ਡਾਟਾ ਪ੍ਰੋਸੈਸਿੰਗ ਸਹਾਇਕ ਮਨੋਜ ਕੁਮਾਰ ਨੇ ਦੱਸਿਆ ਕਿ 10 ਫਰਵਰੀ ਨੂੰ ਮਨੋਹਰ ਲਾਲ ਪੁੱਤਰ ਹਰਵੰਸ਼ ਲਾਲ ਦੇ ਨਾਂ ’ਤੇ ਮਿਤੀ 2 ਫਰਵਰੀ, 2023 ਨੂੰ ਰਜਿਸਟਰੇਸ਼ਨ ਨੰਬਰ ਡੀ/2023.60339-000021 ਅਧੀਨ ਜਾਰੀ ਮੌਤ ਦਾ ਸਰਟੀਫਿਕੇਟ ਪੂਰੀ ਤਰ੍ਹਾਂ ਫਰਜ਼ੀ ਸੀ।
ਤ੍ਰਿਪਾਠੀ ਨੇ ਦੱਸਿਆ ਕਿ ਇਸ ਸੂਚਨਾ ਦੇ ਆਧਾਰ ’ਤੇ ਪੰਨੂਗੰਜ ਥਾਣੇ ’ਚ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਟੀਮ ਨੇ ਜਨਮ ਅਤੇ ਮੌਤ ਅੰਕੜਾ ਸੈਕਸ਼ਨ ਵਿਚ ਕੋਆਰਡੀਨੇਟਰ ਵਜੋਂ ਕੰਮ ਕਰਦੇ ਪ੍ਰਸ਼ਾਂਤ ਮੌਰਿਆ, ਮੋਨੂੰ ਸ਼ਰਮਾ ਉਰਫ਼ ਸ਼ਿਵਾਨੰਦ ਸ਼ਰਮਾ, ਅੰਸਾਰ ਅਹਿਮਦ, ਮੁਹਮੰਦ ਕੈਫ਼ ਅੰਸਾਰੀ ਅਤੇ ਠੇਕਾ ਮੁਲਾਜ਼ਮ ਯਸ਼ਵੰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋਂ ਚਾਰ ਲੈਪਟਾਪ ਅਤੇ ਸੱਤ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਗ੍ਰਿਫ਼ਤਾਰ ਕੀਤੇ ਪੰਜ ਮੁਲਜ਼ਮਾਂ ਖ਼ਿਲਾਫ਼ ਲੋੜੀਂਦੀ ਕਾਰਵਾਈ ਕਰ ਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ।