ਟਰੱਕ ਪਲਟਣ ਕਾਰਨ 5 ਮਜ਼ਦੂਰਾਂ ਦੀ ਮੌਤ, 13 ਜ਼ਖਮੀ
Sunday, May 10, 2020 - 11:17 AM (IST)
ਨਰਸਿੰਘਪੁਰ-ਕੋਰੋਨਾਵਾਇਰਸ ਮਹਾਮਾਰੀ ਅਤੇ ਲਾਕਡਾਊਨ ਦੀ ਮਾਰ ਸਭ ਤੋਂ ਜ਼ਿਆਦਾ ਮਜ਼ਦੂਰਾਂ 'ਤੇ ਪੈ ਰਹੀ ਹੈ। ਲਾਕਡਾਊਨ 'ਚ ਮਜ਼ਦੂਰਾਂ ਨਾਲ ਘਰ ਵਾਪਸੀ ਦੌਰਾਨ ਰਸਤੇ 'ਚ ਵਾਪਰੇ ਰਹੇ ਹਾਦਸਿਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਤਾਜ਼ਾ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ਜਿੱਥੇ ਨਰਸਿੰਘਪੁਰ 'ਚ ਪਾਠਾ ਪਿੰਡ ਦੇ ਕੋਲ ਟਰੱਕ ਪਲਟਣ ਕਾਰਨ 5 ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ 13 ਜ਼ਖਮੀ ਹੋ ਗਏ। ਦੱਸਣਯੋਗ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆਂ ਜਦੋਂ ਇਕ ਟਰੱਕ 'ਚ ਡਰਾਈਵਰ, ਕਲੀਨਰ ਸਮੇਤ 18 ਮਜ਼ਦੂਰ ਸਵਾਰ ਹੋ ਕੇ ਹੈਦਰਾਬਾਦ ਤੋਂ ਉੱਤਰ ਪ੍ਰਦੇਸ਼ ਜਾ ਰਹੇ ਸੀ ਤਾਂ ਰਸਤੇ 'ਚ ਪਾਠਾ ਪਿੰਡ 'ਚ ਟਰੱਕ ਪਲਟ ਗਿਆ। ਜ਼ਖਮੀਆਂ ਨੂੰ ਨਰਸਿੰਘਪੁਰ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ 2 ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਨਰਸਿੰਘਪੁਰ ਜ਼ਿਲੇ ਦੇ ਐਡੀਸ਼ਨਲ ਕੁਲੈਕਟਰ ਮਨੋਜ ਠਾਕੁਰ ਨੇ ਦੱਸਿਆ ਹੈ ਕਿ ਅੰਬਾਂ ਨਾਲ ਭਰੇ ਟਰੱਕ ਰਾਹੀਂ ਇਹ ਪ੍ਰਵਾਸੀ ਮਜ਼ਦੂਰ ਹੈਦਰਾਬਾਦ ਤੋਂ ਉੱਤਰ ਪ੍ਰਦੇਸ਼ ਦੇ ਏਟਾ ਅਤੇ ਝਾਂਸੀ ਜਾ ਰਹੇ ਸੀ। ਸਿਵਲ ਸਰਜਨ ਡਾਕਟਰ ਅਨੀਤਾ ਨੇ ਦੱਸਿਆ ਹੈ ਕਿ ਜ਼ਖਮੀਆਂ 'ਚ 2 ਨੂੰ ਜਬਲਪੁਰ ਰੈਫਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜ਼ਖਮੀਆਂ ਸਮੇਤ ਮ੍ਰਿਤਕਾਂ ਦੇ ਕੋਰੋਨਾ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਸ਼ੁੱਕਰਵਾਰ ਸਵੇਰਸਾਰ ਮਹਾਰਾਸ਼ਟਰ 'ਚ ਇਕ ਦਰਦਨਾਕ ਹਾਦਸਾ ਵਾਪਰਿਆ ਸੀ। ਇੱਥੋ ਦੇ ਔਰੰਗਾਬਾਦ ਜ਼ਿਲੇ 'ਚ ਰੇਲ ਪਟੜੀਆਂ 'ਤੇ ਸੌਂ ਰਹੇ 16 ਪ੍ਰਵਾਸੀ ਮਜ਼ਦੂਰਾਂ ਇਕ ਮਾਲਗੱਡੀ ਦੀ ਚਪੇਟ 'ਚ ਆਉਣ ਕਾਰਨ ਮੌਤ ਹੋ ਗਈ ਜਦਕਿ ਕੁਝ ਮਜ਼ਦੂਰ ਜ਼ਖਮੀ ਹੋ ਗਏ।