ਮਿਸਾਲ: ਰਾਜਕੋਟ ’ਚ 18 ਸਰਕਾਰੀ ਸਕੂਲਾਂ ਦੇ 5,500 ਬੱਚੇ ਲੈਪਟਾਪ ’ਤੇ ਕਰਦੇ ਨੇ ਪੜ੍ਹਾਈ
Monday, Oct 10, 2022 - 04:18 PM (IST)
ਰਾਜਕੋਟ- ਦੇਸ਼ ਦੇ ਬਹੁਤ ਸਾਰੇ ਸਰਕਾਰੀ ਸਕੂਲ, ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾ ਰਹੇ ਹਨ। ਇਹ ਤਸਵੀਰ ਗੁਜਰਾਤ ਦੇ ਰਾਜਕੋਟ ਦੇ ਇਕ ਸਰਕਾਰੀ ਸਕੂਲ ਹੈ, ਜਿੱਥੇ ਬੱਚੇ ਲੈਪਟਾਪ ’ਤੇ ਪੜ੍ਹਾਈ ਕਰਦੇ ਨਜ਼ਰ ਆ ਰਹੇ ਹਨ। ਦਰਅਸਲ ਸ਼ਹਿਰ ਦੇ 18 ਸਰਕਾਰੀ ਸਕੂਲਾਂ ਵਿਚ ਪ੍ਰਾਈਵੇਟ ਸਕੂਲਾਂ ਦੀ ਤਰਜ਼ ’ਤੇ ਪੜ੍ਹਾਈ ਕਰਵਾਉਣ ਦੇ ਉਦੇਸ਼ ਨਾਲ ਇਹ ਉਪਰਾਲਾ ਕੀਤਾ ਗਿਆ ਹੈ।
ਬੱਚਿਆਂ ਦਾ ਭਵਿੱਖ ਸੰਵਾਰਨ ਲਈ ਇਹ ਸਹੂਲਤ NEO ਫਾਊਂਡੇਸ਼ਨ ਵੱਲੋਂ ਪਹਿਲੀ ਤੋਂ 8ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ। ਫਾਊਂਡੇਸ਼ਨ ਦੇ ਟਰੱਸਟੀ ਮੁਕੇਸ਼ ਸੇਠ ਨੇ ਦੱਸਿਆ ਕਿ ਕਿਸ ਤਰ੍ਹਾਂ ਬੱਚੇ ਸਿੱਖਿਆ ਤੋਂ ਵਾਂਝੇ ਰਹਿ ਗਏ ਹਨ, ਇਸ ਦੀ ਜਾਣਕਾਰੀ ਝੁੱਗੀ ਝੌਂਪੜੀ ਦੇ ਇਕ ਅਧਿਆਪਕ ਤੋਂ ਮਿਲੀ ਸੀ।
ਟਰੱਸਟੀ ਮੁਕੇਸ਼ ਮੁਤਾਬਕ ਇਸ ਮਾਡਲ ਨੂੰ ਲਾਗੂ ਕਰਨ ਤੋਂ ਪਹਿਲਾਂ ਅਹਿਮਦਾਬਾਦ ਦੇ ਸਕੂਲਾਂ ਦਾ ਅਧਿਐਨ ਕੀਤਾ ਗਿਆ ਸੀ। ਇਸ ਤੋਂ ਬਾਅਦ 500 ਲੈਪਟਾਪ ਅਤੇ ਹੈੱਡਫੋਨ ਦਿੱਤੇ ਗਏ। 25 ਅਧਿਆਪਕ ਅਤੇ ਤਿੰਨ ਇੰਜੀਨੀਅਰ ਆਡੀਓ-ਵਿਜ਼ੂਅਲ ਮਾਧਿਅਮ ਰਾਹੀਂ 5,566 ਬੱਚਿਆਂ ਦੀ ਪੜ੍ਹਾਈ ਵਿਚ ਮਦਦ ਕਰਦੇ ਹਨ। ਫਾਊਂਡੇਸ਼ਨ ’ਤੇ ਇਕ ਕਰੋੜ ਰੁਪਏ ਦਾ ਖ਼ਰਚਾ ਆਉਂਦਾ ਹੈ।