''ਡਿਜੀਟਲ ਅਰੈਸਟ'' ਕਰ ਔਰਤ ਤੋਂ ਠੱਗੇ 46 ਲੱਖ ਰੁਪਏ

Tuesday, Oct 08, 2024 - 11:22 AM (IST)

ਇੰਦੌਰ- ਇੰਦੌਰ 'ਚ 'ਡਿਜੀਟਲ ਅਰੈਸਟ' ਦੇ ਤਾਜ਼ਾ ਮਾਮਲੇ 'ਚ ਠੱਗਾਂ ਦੇ ਇਕ ਗਿਰੋਹ ਨੇ 65 ਸਾਲਾ ਔਰਤ ਨੂੰ ਜਾਲ 'ਚ ਫਸਾ ਕੇ 46 ਲੱਖ ਰੁਪਏ ਦੀ ਠੱਗੀ ਮਾਰੀ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। 'ਡਿਜੀਟਲ ਅਰੈਸਟ' ਸਾਈਬਰ ਠੱਗੀ ਦਾ ਨਵਾਂ ਤਰੀਕਾ ਹੈ। ਅਜਿਹੇ ਮਾਮਲਿਆਂ ਵਿਚ ਠੱਗ ਖ਼ੁਦ ਨੂੰ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਹੋਣ ਦਾ ਦਿਖਾਵਾ ਕਰਦੇ ਹਨ ਅਤੇ ਆਡੀਓ ਜਾਂ ਵੀਡੀਓ ਕਾਲਾਂ ਕਰਕੇ ਲੋਕਾਂ ਨੂੰ ਡਰਾਉਂਦੇ ਹਨ ਅਤੇ ਗ੍ਰਿਫਤਾਰੀ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਆਪਣੇ ਘਰਾਂ ਵਿਚ ਡਿਜੀਟਲ ਤਰੀਕੇ ਨਾਲ ਬੰਧਕ ਬਣਾਉਂਦੇ ਹਨ। ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਸ ਰਾਜੇਸ਼ ਦੰਡੋਟੀਆ ਨੇ ਦੱਸਿਆ ਕਿ ਠੱਗ ਗਿਰੋਹ ਦੇ ਇਕ ਮੈਂਬਰ ਨੇ ਪਿਛਲੇ ਮਹੀਨੇ 65 ਸਾਲਾ ਔਰਤ ਨੂੰ ਫ਼ੋਨ ਕੀਤਾ ਅਤੇ ਆਪਣੀ ਪਛਾਣ ਕੇਂਦਰੀ ਜਾਂਚ ਬਿਊਰੋ (CBI) ਦੇ ਅਧਿਕਾਰੀ ਵਜੋਂ ਕਰਵਾਈ।

ਉਨ੍ਹਾਂ ਕਿਹਾ ਕਿ ਠੱਗ ਗਿਰੋਹ ਦੇ ਮੈਂਬਰ ਨੇ ਔਰਤ ਨੂੰ ਝਾਂਸਾ ਦਿੱਤਾ ਕਿ ਨਸ਼ੀਲੇ ਪਦਾਰਥਾਂ ਦੀ ਖਰੀਦੋ-ਫਰੋਖ਼ਤ, ਅੱਤਵਾਦੀ ਗਤੀਵਿਧੀਆਂ ਅਤੇ ਮਨੀ ਲਾਂਡਰਿੰਗ ਲਈ ਇਕ ਵਿਅਕਤੀ ਨੇ ਉਸ ਦੇ ਬੈਂਕ ਖਾਤੇ ਦੀ ਦੁਰਵਰਤੋਂ ਕੀਤੀ ਹੈ ਅਤੇ ਇਸ ਵਿਅਕਤੀ ਨਾਲ ਮਿਲੀਭੁਗਤ ਦੇ ਚੱਲਦੇ ਔਰਤ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਦੰਡੋਤੀਆ ਨੇ ਦੱਸਿਆ ਕਿ ਠੱਗ ਗਿਰੋਹ ਦੇ ਮੈਂਬਰ ਨੇ ਵੀਡੀਓ ਕਾਲ ਰਾਹੀਂ ਔਰਤ ਨੂੰ 'ਡਿਜੀਟਲ ਅਰੈਸਟ' ਕਰ ਲਿਆ ਅਤੇ 5 ਦਿਨ ਤੱਕ ਫਰਜ਼ੀ ਤੌਰ 'ਤੇ ਪੁੱਛਗਿੱਛ ਕੀਤੀ। ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਸ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਔਰਤ ਨੂੰ ਧਮਕੀ ਦਿੱਤੀ ਗਈ ਸੀ ਕਿ ਜੇਕਰ ਉਸ ਨੇ ਆਪਣੇ ਬੈਂਕ ਖਾਤੇ 'ਚ ਜਮ੍ਹਾ ਪੈਸੇ ਗਿਰੋਹ ਵੱਲੋਂ ਦੱਸੇ ਗਏ ਖਾਤਿਆਂ 'ਚ ਨਾ ਭੇਜੇ ਤਾਂ ਉਸ ਦੀ ਅਤੇ ਉਸ ਦੇ ਬੱਚਿਆਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ।


Tanu

Content Editor

Related News