45 ਦਿਨ ਦੇ ਬੱਚੇ ਨੇ ''ਕੋਰੋਨਾ'' ਨੂੰ ਦਿੱਤੀ ਮਾਤ, ਹਸਪਤਾਲ ''ਚੋਂ ਪਰਤਿਆ ਘਰ
Thursday, Apr 30, 2020 - 09:59 AM (IST)
ਹੈਦਰਾਬਾਦ (ਵਾਰਤਾ)— ਤੇਲੰਗਾਨਾ ਦੇ ਹੈਦਰਾਬਾਦ 'ਚ ਕੋਰੋਨਾ ਵਾਇਰਸ (ਕੋਵਿਡ-19) ਤੋਂ ਪੀੜਤ ਹੋਏ 45 ਦਿਨਾਂ ਦੇ ਇਕ ਬੱਚੇ ਨੂੰ ਸਿਹਤਮੰਦ ਹੋਣ ਤੋਂ ਬਾਅਦ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਗਈ ਹੈ। ਤੇਲੰਗਾਨਾ ਦੇ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਦੇ ਡਾਇਰੈਕਟਰ ਨੇ ਬੁੱਧਵਾਰ ਰਾਤ ਨੂੰ ਇਸ ਦੀ ਜਾਣਕਾਰੀ ਦਿੱਤੀ। ਡਾਇਰੈਕਟਰ ਨੇ ਕਿਹਾ ਕਿ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਕੋਵਿਡ-19 ਤੋਂ ਪੀੜਤ ਮਹਿਬੂਬਨਗਰ ਜ਼ਿਲੇ ਦਾ ਇਕ ਬੱਚਾ ਠੀਕ ਹੋ ਗਿਆ ਹੈ ਅਤੇ ਉਸ ਨੂੰ ਕੱਲ ਸ਼ਹਿਰ ਦੇ ਗਾਂਧੀ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਗਈ।
ਇਹ ਬੱਚਾ ਆਪਣੇ ਪਿਤਾ ਦੇ ਸੰਪਰਕ ਵਿਚ ਆਉਣ ਨਾਲ ਕੋਰੋਨਾ ਵਾਇਰਸ ਤੋਂ ਪੀੜਤ ਹੋਇਆ ਸੀ। ਉਸ ਨੂੰ ਜਦੋਂ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਤਾਂ ਉਹ ਮਹਿਜ 20 ਦਿਨ ਦਾ ਸੀ ਅਤੇ ਹੁਣ ਉਹ 45 ਦਿਨ ਦਾ ਹੋ ਗਿਆ ਹੈ। ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲਾ ਇਹ ਦੇਸ਼ ਵਿਚ ਸਭ ਤੋਂ ਘੱਟ ਉਮਰ ਦਾ ਬੱਚਾ ਹੈ।
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਭਾਰਤ 'ਚ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਵਾਇਰਸ ਕਾਰਨ ਹੁਣ ਤੱਕ 1,074 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਾਇਰਸ ਨਾਲ ਹੁਣ ਤੱਕ 33,050 ਕੇਸ ਸਾਹਮਣੇ ਆਏ ਹਨ। ਵਾਇਰਸ ਦੀ ਲਪੇਟ 'ਚ ਛੋਟੇ ਮਾਸੂਮ ਬੱਚੇ ਵੀ ਆ ਰਹੇ ਹਨ, ਜੋ ਕਿ ਵੱਡੀ ਚਿੰਤਾ ਦੀ ਗੱਲ ਹੈ। ਤਾਮਿਲਨਾਡੂ 'ਚ 12 ਸਾਲ ਤੋਂ ਛੋਟੇ ਤਕਰੀਬਨ 121 ਬੱਚੇ ਕੋਰੋਨਾ ਦੀ ਲਪੇਟ 'ਚ ਹਨ।