ਪੜ੍ਹਾਈ ਦਾ ਜਨੂੰਨ; ਮਹਾਰਾਸ਼ਟਰ ’ਚ 43 ਸਾਲ ਦੀ ਉਮਰ ’ਚ ਸ਼ਖਸ ਨੇ ਪਾਸ ਕੀਤੀ 10ਵੀਂ ਦੀ ਬੋਰਡ ਪ੍ਰੀਖਿਆ

Sunday, Jun 19, 2022 - 12:21 PM (IST)

ਪੜ੍ਹਾਈ ਦਾ ਜਨੂੰਨ; ਮਹਾਰਾਸ਼ਟਰ ’ਚ 43 ਸਾਲ ਦੀ ਉਮਰ ’ਚ ਸ਼ਖਸ ਨੇ ਪਾਸ ਕੀਤੀ 10ਵੀਂ ਦੀ ਬੋਰਡ ਪ੍ਰੀਖਿਆ

ਮੁੰਬਈ– ਪੜ੍ਹਾਈ ਦੀ ਕੋਈ ਉਮਰ ਨਹੀਂ ਹੁੰਦੀ, ਇਸ ਗੱਲ ਨੂੰ ਸੱਚ ਕਰ ਵਿਖਾਇਆ ਹੈ ਪੁਣੇ ਦੇ ਰਹਿਣ ਵਾਲੇ 43 ਸਾਲਾ ਵਿਅਕਤੀ ਭਾਸਕਰ ਵਾਘਮਰੇ ਨੇ। ਦਰਅਸਲ ਵਾਘਮਰੇ ਨੇ 43 ਸਾਲ ਦੀ ਉਮਰ ’ਚ ਆਪਣੇ ਪੁੱਤਰ ਨਾਲ ਇਸ ਸਾਲ ਮਹਾਰਾਸ਼ਟਰ ਬੋਰਡ ਦੀ 10ਵੀਂ ਜਮਾਤ ਦੀ ਪ੍ਰੀਖਿਆ ਦਿੱਤੀ, ਜਿਸ ’ਚ ਪਿਤਾ ਤਾਂ ਪਾਸ ਹੋ ਗਿਆ ਪਰ ਪੁੱਤਰ ਸਫ਼ਲ ਨਹੀਂ ਹੋ ਸਕਿਆ। ਮਹਾਰਾਸ਼ਟਰ ਰਾਜ ਸੈਕੰਡਰੀ ਅਤੇ ਉੱਚ ਸੈਕੰਡਰੀ ਸਿੱਖਿਆ ਬੋਰਡ ਵਲੋਂ ਆਯੋਜਿਤ 10ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦੇ ਨਤੀਜੇ ਸ਼ੁੱਕਰਵਾਰ ਨੂੰ ਐਲਾਨ ਕੀਤੇ ਗਏ ਸਨ।

ਵਾਘਮਰੇ ਦਾ ਸੰਘਰਸ਼–
ਪਰਿਵਾਰ ਚਲਾਉਣ ਲਈ ਨੌਕਰੀ ਕਰਨ ਦੀ ਮਜ਼ਬੂਰੀ ਦੇ ਚੱਲਦੇ ਭਾਸਕਰ ਵਾਘਮਰੇ ਨੇ 7ਵੀਂ ਜਮਾਤ ’ਚ ਹੀ ਪੜ੍ਹਾਈ ਛੱਡ ਦਿੱਤੀ ਸੀ ਅਤੇ ਉਹ ਫਿਰ ਤੋਂ ਪੜ੍ਹਾਈ ਸ਼ੁਰੂ ਕਰਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਸਨ। 30 ਸਾਲ ਦੇ ਵਕਫ਼ੇ ਮਗਰੋਂ ਇਸ ਸਾਲ ਉਨ੍ਹਾਂ ਨੇ ਆਪਣੇ ਪੁੱਤਰ ਨਾਲ ਪ੍ਰੀਖਿਆ ਦਿੱਤੀ। ਪੁਣੇ ਸ਼ਹਿਰ ਦੇ ਬਾਬਾ ਸਾਹਿਬ ਅੰਬੇਡਕਰ ਇਲਾਕੇ ’ਚ ਰਹਿਣ ਵਾਲੇ ਵਾਘਮਰੇ ਨਿੱਜੀ ਖੇਤਰ ’ਚ ਨੌਕਰੀ ਕਰਦੇ ਹਨ। ਵਾਘਮਰੇ ਨੇ ਦੱਸਿਆ ਕਿ ਮੈਂ ਹਮੇਸ਼ਾ ਤੋਂ ਹੋਰ ਪੜ੍ਹਨਾ ਚਾਹੁੰਦਾ ਸੀ ਪਰ ਪਰਿਵਾਰਕ ਜ਼ਿੰਮੇਵਾਰੀਆਂ ਕਾਰਨ ਪੜ੍ਹਾਈ ਜਾਰੀ ਨਹੀਂ ਰੱਖ ਸਕਿਆ। ਕੁਝ ਸਮੇਂ ਤੋਂ ਮੈਂ ਮੁੜ ਪੜ੍ਹਾਈ ਸ਼ੁਰੂ ਕਰਨ ਅਤੇ ਕੋਈ ਕੋਰਸ ਕਰਨ ਲਈ ਉਤਸੁਕ ਸੀ, ਜਿਸ ਨਾਲ ਮੈਨੂੰ ਵੱਧ ਕਮਾਈ ਕਰਨ ’ਚ ਮਦਦ ਮਿਲੇਗੀ। ਇਸ ਲਈ ਮੈਂ ਜਮਾਤ 10ਵੀਂ ਦੀ ਪ੍ਰੀਖਿਆ ’ਚ ਬੈਠਣ ਦਾ ਫ਼ੈਸਲਾ ਕੀਤਾ। ਮੇਰਾ ਪੁੱਤਰ ਵੀ ਇਸ ਸਾਲ ਪ੍ਰੀਖਿਆ ਦੇ ਰਿਹਾ ਸੀ ਅਤੇ ਇਸ ਤੋਂ ਮੈਨੂੰ ਮਦਦ ਮਿਲੀ। ਉਨ੍ਹਾਂ ਨੇ ਕਿਹਾ ਕਿ ਉਹ ਹਰ ਦਿਨ ਪੜ੍ਹਾਈ ਕਰਦੇ ਸਨ ਅਤੇ ਕੰਮ ਤੋਂ ਬਾਅਦ ਪ੍ਰੀਖਿਆ ਦੀ ਤਿਆਰੀ ’ਚ ਜੁਟ ਜਾਂਦੇ ਸਨ।

ਪ੍ਰੀਖਿਆ ਪਾਸ ਕਰ ਕੇ ਖੁਸ਼ ਹਾਂ
ਹਾਲਾਂਕਿ ਉਹ ਹੁਣ ਪ੍ਰੀਖਿਆ ਪਾਸ ਕਰ ਕੇ ਖੁਸ਼ ਹਨ ਪਰ ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਉਨ੍ਹਾਂ ਦਾ ਪੁੱਤਰ ਦੋ ਵਿਸ਼ਿਆਂ ’ਚੋਂ ਫੇਲ ਹੋ ਗਿਆ। ਵਾਘਮਰੇ ਨੇ ਕਿਹਾ ਕਿ ਮੈਂ ਪੂਰਕ ਪ੍ਰੀਖਿਆ ’ਚ ਆਪਣੇ ਪੁੱਤਰ ਦੀ ਮਦਦ ਕਰਾਂਗਾ। ਮੈਨੂੰ ਭਰੋਸਾ ਹੈ ਕਿ ਉਹ ਇਨ੍ਹਾਂ ਪ੍ਰੀਖਿਆਵਾਂ ’ਚ ਪਾਸ ਹੋ ਜਾਵੇਗਾ।


author

Tanu

Content Editor

Related News