ਕਸ਼ਮੀਰ ’ਚ 12 ਘੰਟਿਆਂ ਦੌਰਾਨ 4 ਅੱਤਵਾਦੀ ਢੇਰ
Sunday, Dec 26, 2021 - 03:20 AM (IST)
ਸ਼੍ਰੀਨਗਰ/ਜੰਮੂ (ਉਦੇ) – ਕਸ਼ਮੀਰ ਵਾਦੀ ’ਚ ਸ਼ਨੀਵਾਰ ਨੂੰ ਸੁਰੱਖਿਆ ਫੋਰਸਾਂ ਦੇ ਆਪ੍ਰੇਸ਼ਨ ‘ਕਲੀਨ ਸਵੀਪ’ ਨੂੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ 2 ਵੱਖ-ਵੱਖ ਮੁਕਾਬਲਿਆਂ ’ਚ 12 ਘੰਟਿਆਂ ਅੰਦਰ 4 ਅੱਤਵਾਦੀ ਢੇਰ ਕਰ ਦਿੱਤੇ ਗਏ। ਮਾਰੇ ਗਏ ਅੱਤਵਾਦੀਆਂ ਕੋਲੋਂ ਹਥਿਆਰ, ਗੋਲੀ-ਸਿੱਕਾ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਮਿਲੀ। ਤਰਾਲ ’ਚ ਮਾਰੇ ਗਏ ਅੱਤਵਾਦੀ ਅੰਸਾਰ ਗਜ਼ਵਤ ਉਲ ਹਿੰਦ ਸੰਗਠਨ ਨਾਲ ਸੰਬੰਧਤ ਸਨ। ਇਨ੍ਹਾਂ ’ਚੋਂ ਇਕ ਆਈ . ਈ. ਡੀ. ਐਕਸਪਰਟ ਵੀ ਸੀ।
ਪੁਲਵਾਮਾ ਜ਼ਿਲ੍ਹੇ ਦੇ ਤਰਾਲ ਖੇਤਰ ਦੇ ਹਰਦੁਮੀਰ ’ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਪੱਕੀ ਸੂਚਨਾ ’ਤੇ ਸੁਰੱਖਿਆ ਫੋਰਸਾਂ ਅਤੇ ਜੰਮੂ-ਕਸ਼ਮੀਰ ਪੁਲਸ ਦੇ ਜਵਾਨਾਂ ਨੇ ਤਲਾਸ਼ੀਆਂ ਦੀ ਮੁਹਿੰਮ ਸ਼ੁਰੂ ਕੀਤੀ। ਇਸ ਮੁਹਿੰਮ ਦੌਰਾਨ ਹੋਏ ਮੁਕਾਬਲੇ ’ਚ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ। ਉਨ੍ਹਾਂ ਦੀ ਪਛਾਣ ਨਦੀਮ ਭੱਟ ਤੇ ਰਸੂਲ ਉਰਫ ਆਦਿਲ ਵਜੋਂ ਹੋਈ। ਮੁਕਾਬਲੇ ਵਾਲੀ ਥਾਂ ਤੋਂ 2 ਏ. ਕੇ. 47 ਰਾਈਫਲਾਂ ਬਰਾਮਦ ਕੀਤੀਆਂ ਗਈਆਂ। ਆਈ. ਜੀ. ਪੀ. (ਕਸ਼ਮੀਰ) ਵਿਜੇ ਕੁਮਾਰ ਨੇ ਦੱਸਿਆ ਕਿ ਉਕਤ ਦੋਵੇਂ ਅੱਤਵਾਦੀ ਆਈ. ਈ. ਡੀ. ਦੇ ਵੱਖ-ਵੱਖ ਧਮਾਕਿਆਂ ਤੇ ਸੁਰੱਖਿਆ ਫੋਰਸਾਂ ਦੇ ਜਵਾਨਾਂ ’ਤੇ ਕੀਤੇ ਗਏ ਗ੍ਰਨੇਡ ਹਮਲਿਆਂ ਵਿਚ ਸ਼ਾਮਲ ਸਨ।
ਓਧਰ ਜੰਮੂ-ਕਸ਼ਮੀਰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸ਼ੋਪੀਆ ਜ਼ਿਲੇ ਦੇ ਛੋਗਾਮ ਖੇਤਰ ’ਚ ਕੁਝ ਅੱਤਵਾਦੀ ਲੁਕੇ ਹੋਏ ਹਨ। ਜਵਾਨਾਂ ਨੇ ਜਦੋਂ ਇਲਾਕੇ ਨੂੰ ਘੇਰ ਕੇ ਤਲਾਸ਼ੀਆਂ ਦੀ ਮੁਹਿੰਮ ਚਲਾਈ ਤਾਂ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਵਾਨਾਂ ਦੀ ਜਵਾਬੀ ਕਾਰਵਾਈ ’ਚ ਲਸ਼ਕਰ ਦੇ 2 ਅੱਤਵਾਦੀ ਮਾਰੇ ਗਏ।ਉਨ੍ਹਾਂ ਦੀ ਪਛਾਣ ਸਜਦ ਅਹਿਮਦ ਚਾਕ ਵਾਸੀ ਬਰਾਰੀਪੋਰਾ (ਸ਼ੋਪੀਆਂ) ਤੇ ਰਾਜਾ ਬਾਸਿਤ ਯਾਕੂਬ ਵਾਸੀ ਅਚਨ ਲਿੱਟਰ (ਪੁਲਵਾਮਾ) ਵਜੋਂ ਹੋਈ ਹੈ। ਪੁਲਸ ਰਿਕਾਰਡ ਮੁਤਾਬਕ ਸਜਦ ਨੌਜਵਾਨਾਂ ਨੂੰ ਵਰਗਲਾ ਕੇ ਅੱਤਵਾਦੀ ਸੰਗਠਨਾਂ ’ਚ ਭਰਤੀ ਕਰਵਾਉਂਦਾ ਸੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।