ਰਾਜਗ ਦਾ ਸ਼ਕਤੀ ਪ੍ਰਦਰਸ਼ਨ ਅੱਜ, 38 ਪਾਰਟੀਆਂ ਹੋਣਗੀਆਂ ਸ਼ਾਮਲ
Tuesday, Jul 18, 2023 - 10:37 AM (IST)

ਨਵੀਂ ਦਿੱਲੀ- ਭਾਜਪਾ ਦੀ ਅਗਵਾਈ ਵਾਲੇ ਰਾਸ਼ਟਰੀ ਜਨਤੰਤਰਿਕ ਗਠਜੋੜ (ਰਾਜਗ) ਮੰਗਲਵਾਰ ਨੂੰ ਆਪਣੀਆਂ ਭਾਈਵਾਲ ਪਾਰਟੀਆਂ ਦੀ ਇਕ ਬੈਠਕ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਬੈਂਗਲੁਰੂ ’ਚ ਵਿਰੋਧੀ ਪਾਰਟੀਆਂ ਦੇ ਇਕਜੁਟ ਹੋਣ ਦਰਮਿਆਨ ਭਾਜਪਾ ਵੱਲੋਂ ਸੱਦੀ ਗਈ ਇਹ ਬੈਠਕ ਸੱਤਾਧਿਰ ਗਠਜੋੜ ਦੇ ਸ਼ਕਤੀ ਪ੍ਰਦਰਸ਼ਨ ਦੇ ਰੂਪ ’ਚ ਵੇਖੀ ਜਾ ਰਹੀ ਹੈ। ਇੱਥੇ ਹੋਣ ਵਾਲੀ ਰਾਜਗ ਦੀ ਬੈਠਕ ’ਚ ਭਾਜਪਾ ਦੀਆਂ 38 ਮੌਜੂਦਾ ਅਤੇ ਨਵੀਆਂ ਸਹਿਯੋਗੀ ਪਾਰਟੀਆਂ ਮੌਜੂਦ ਰਹਿਣਗੀਆਂ।
ਸੱਤਾਧਿਰ ਪਾਰਟੀ ਨੇ ਹਾਲ ਦੇ ਦਿਨਾਂ ’ਚ ਨਵੀਆਂ ਪਾਰਟੀਆਂ ਨੂੰ ਨਾਲ ਲੈਣ ਅਤੇ ਗਠਜੋੜ ਛੱਡ ਕੇ ਜਾ ਚੁੱਕੇ ਪੁਰਾਣੇ ਸਹਿਯੋਗੀਆਂ ਨੂੰ ਵਾਪਸ ਲਿਆਉਣ ਲਈ ਸਖ਼ਤ ਮਿਹਨਤ ਕੀਤੀ ਹੈ। ਬੈਠਕ ’ਚ ਅਗਵਾਈ ਕਰਨ ਵਾਲੀਆਂ ਪਾਰਟੀਆਂ ਦੀ ਗਿਣਤੀ ਬਾਰੇ ਕੋਈ ਅਧਿਕਾਰਿਕ ਬਿਆਨ ਨਹੀਂ ਆਇਆ ਹੈ ਪਰ ਸੂਤਰਾਂ ਨੇ ਕਿਹਾ ਕਿ ਇਸ ’ਚ ਸਾਰੇ ਖੇਤਰਾਂ ਦੇ ਨੁਮਾਇੰਦੇ ਹੋਣਗੇ ਅਤੇ ਰਾਜਗ ਦੀ ਤਾਕਤ ਦਾ ਪ੍ਰਦਰਸ਼ਨ ਕਰਨਗੇ।
ਭਾਜਪਾ ’ਤੇ ਲਗਾਤਾਰ ਇਹ ਦੋਸ਼ ਲੱਗਦਾ ਰਿਹਾ ਹੈ ਕਿ ਉਹ ਆਪਣੇ ਸਹਿਯੋਗੀਆਂ ਨੂੰ ਨਾਲ ਲੈ ਕੇ ਚਲਣ ’ਚ ਅਸਮਰਥ ਰਹੀ ਹੈ। ਜਨਤਾ ਦਲ (ਯੂਨਾਈਟਿਡ), ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਅਤੇ ਅਕਾਲੀ ਦਲ ਵਰਗੇ ਆਪਣੇ ਕਈ ਰਵਾਇਤੀ ਸਹਿਯੋਗੀਆਂ ਨੂੰ ਗੁਆਉਣ ਤੋਂ ਬਾਅਦ ਭਾਜਪਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ, ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਅਜੀਤ ਪਵਾਰ ਦੀ ਅਗਵਾਈ ਵਾਲੇ ਧੜੇ, ਉੱਤਰ ਪ੍ਰਦੇਸ਼ ’ਚ ਓਮ ਪ੍ਰਕਾਸ਼ ਰਾਜਭਰ ਦੀ ਅਗਵਾਈ ਵਾਲੀ ਸੁਹੇਲਦੇਵ ਭਾਰਤੀ ਸਮਾਜ ਪਾਰਟੀ (ਸੁਭਾਸਪਾ) ਅਤੇ ਜੀਤਨ ਰਾਮ ਮਾਂਝੀ ਦੀ ਅਗਵਾਈ ਵਾਲੇ ਹਿੰਦੁਸਤਾਨੀ ਅਵਾਮ ਮੋਰਚਾ (ਸੈਕੂਲਰ) ਅਤੇ ਉਪੇਂਦਰ ਕੁਸ਼ਵਾਹਾ ਦੀ ਅਗਵਾਈ ਵਾਲੇ ਰਾਸ਼ਟਰੀ ਲੋਕ ਜਨਤਾ ਦਲ (ਰਾਲੋਜਦ) ਨਾਲ ਗਠਜੋੜ ਕਰਨ ’ਚ ਸਫਲ ਰਹੀ ਹੈ।
ਭਾਜਪਾ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ ਇਨ੍ਹਾਂ ਪਾਰਟੀਆਂ ਨੂੰ ਬੈਠਕ ’ਚ ਆਉਣ ਲਈ ਸੱਦਾ ਭੇਜਿਆ ਹੈ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੱਤਾਧਿਰ ਪਾਰਟੀ ਦੇ ਹੋਰ ਸੀਨੀਅਰ ਨੇਤਾ ਵੀ ਮੌਜੂਦ ਰਹਿਣਗੇ। ਤਮਿਲਨਾਡੂ ਦੀ ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕਸ਼ਗਮ (ਅੰਨਾ ਡੀ. ਐੱਮ. ਕੇ.) ਅਤੇ ਆਂਧਰਾ ਪ੍ਰਦੇਸ਼ ਤੋਂ ਪਵਨ ਕਲਿਆਣ ਦੀ ਜਨ ਸੈਨਾ ਦੇ ਨੇਤਾ ਵੀ ਬੈਠਕ ’ਚ ਮੌਜੂਦ ਰਹਿਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਦੂਜੇ ਕਾਰਜਕਾਲ ਦੌਰਾਨ ਇਸ ਪੱਧਰ ਦੀ ਇਹ ਪਹਿਲੀ ਅਜਿਹੀ ਬੈਠਕ ਹੋਵੇਗੀ।