ਨੇਵੀ ’ਚ ਪਹਿਲੀ ਵਾਰ 341 ਔਰਤਾਂ ਸ਼ਾਮਲ, 2048 ਤੱਕ ਸਮੁੰਦਰੀ ਫ਼ੌਜ ਹੋ ਜਾਵੇਗੀ ਆਤਮਨਿਰਭਰ : ਜਲ ਸੈਨਾ ਮੁਖੀ
Sunday, Dec 04, 2022 - 02:18 PM (IST)

ਨਵੀਂ ਦਿੱਲੀ (ਵਾਰਤਾ)- ਐਡਮਿਰਲ ਆਰ. ਹਰੀ ਕੁਮਾਰ ਨੇ ਸ਼ਨੀਵਾਰ ਨੂੰ ਦੱਸਿਆ ਕਿ ਅਸੀਂ ਨੇਵੀ ’ਚ ਪਹਿਲੀ ਵਾਰ ਔਰਤਾਂ ਨੂੰ ਸ਼ਾਮਲ ਕੀਤਾ ਹੈ। ਅਗਨੀਵੀਰ ਯੋਜਨਾ ਤਹਿਤ 341 ਔਰਤਾਂ ਦੀ ਸਮੁੰਦਰੀ ਫੌਜ ’ਚ ਭਰਤੀ ਕੀਤੀ ਗਈ ਹੈ। ਅਗਲੇ ਸਾਲ ਤੋਂ ਸਮੁੰਦਰੀ ਫ਼ੌਜ ’ਚ ਮਹਿਲਾ ਅਧਿਕਾਰੀਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਨੇਵੀ ’ਚ ਹੁਣ ਤੱਕ ਕੁੱਲ 3000 ਅਗਨੀਵੀਰਾਂ ਨੂੰ ਭਰਤੀ ਕੀਤਾ ਗਿਆ ਹੈ। ਇਸ ਤਰ੍ਹਾਂ ਅਗਨੀਵੀਰਾਂ ਦਾ ਪਹਿਲਾ ਬੈਚ ਤਿਆਰ ਹੋ ਗਿਆ ਹੈ। ਐਡਮਿਰਲ ਕੁਮਾਰ ਨੇ ਸਰਕਾਰ ਨੂੰ ਭਰੋਸਾ ਦਿੱਤਾ ਹੈ ਕਿ ਸਮੁੰਦਰੀ ਫ਼ੌਜ 2047 ਤੱਕ ਆਤਮ-ਨਿਰਭਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਹਿੰਦ ਮਹਾਸਾਗਰ ਖੇਤਰ ’ਚ ਚੀਨ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖ ਰਹੇ ਹਾਂ। ਬੀਤੇ ਇਕ ਸਾਲ ’ਚ ਭਾਰਤ ਅਤੇ ਚੀਨ ਵਿਚਾਲੇ ਵਧੇ ਤਣਾਅ ਕਾਰਨ ਸਮੁੰਦਰੀ ਸੁਰੱਖਿਆ ਦਾ ਮਹੱਤਵ ਬਹੁਤ ਅਹਿਮ ਹੋ ਗਿਆ ਹੈ।
ਅਮਰੀਕਾ ਤੋਂ ਪ੍ਰੀਡੇਟਰ ਡਰੋਨ ਖਰੀਦੇਗਾ ਭਾਰਤ
ਸਮੁੰਦਰੀ ਫੌਜ ਦੇ ਮੁਖੀ ਐਡਮਿਰਲ ਆਰ. ਹਰੀ ਕੁਮਾਰ ਨੇ ਦੱਸਿਆ ਕਿ ਚੀਨ ’ਤੇ ਨਜ਼ਰ ਰੱਖਣ ਲਈ ਭਾਰਤ ਅਮਰੀਕਾ ਤੋਂ ਪ੍ਰੀਡੇਟਰ ਡਰੋਨ ਖਰੀਦਣ ਦੀ ਤਿਆਰੀ ਕਰ ਰਿਹਾ ਹੈ। ਸਮੁੰਦਰੀ ਫ਼ੌਜ ਮੁਖੀ ਨੇ ਕਿਹਾ,“ਖਰੀਦ ਦਾ ਇਹ ਵਿਸ਼ਾ ਪ੍ਰਕਿਰਿਆ ਅਧੀਨ ਹੈ। ਅਸੀਂ ਇਸ ਗੱਲ ’ਤੇ ਚਰਚਾ ਕਰ ਰਹੇ ਹਾਂ ਕਿ ਕੀ (ਡਰੋਨ ਦੀ ਗਿਣਤੀ) ਨੂੰ ਤਰਕਸੰਗਤ ਬਣਾਉਣ ਦੀ ਲੋੜ ਹੈ।’’ ਹੇਲਫਾਇਰ ਮਿਜ਼ਾਈਲ ਦੇ ਐਡਵਾਂਸ ਐਡੀਸ਼ਨ ਨੂੰ ‘ਲਾਂਚ’ ਕਰਨ ਲਈ ਐੱਮ. ਕਿਊ-9 ਰੀਪਰ ਦੀ ਵਰਤੋਂ ਕੀਤੀ ਗਈ ਸੀ ਅਤੇ ਇਸ ਮਿਜ਼ਾਈਲ ਨੇ ਪਿਛਲੇ ਮਹੀਨੇ ਕਾਬੁਲ ’ਚ ਅਲ ਕਾਇਦਾ ਸਰਗਨਾ ਅਯਮਾਨ ਅਲ ਜਵਾਹਿਰੀ ਨੂੰ ਮਾਰ ਦਿੱਤਾ ਸੀ।