32 ਕਿਸਾਨ ਜਥੇਬੰਦੀਆਂ ਦਾ ਫੈਸਲਾ: ‘ਸਾਂਝੇ ਮੋਰਚੇ ਦੀ ਮਨਜ਼ੂਰੀ ਤੋਂ ਬਿਨਾਂ ਪੰਜਾਬ ’ਚ ਮਹਾਪੰਚਾਇਤ ਨਹੀਂ’
Wednesday, Feb 17, 2021 - 01:52 PM (IST)
ਸੋਨੀਪਤ (ਦੀਕਸ਼ਿਤ) : ਪੰਜਾਬ ਦੀਆਂ 32 ਜਥੇਬੰਦੀਆਂ ਨੇ ਮੰਗਲਵਾਰ ਯਾਨੀ ਕਿ ਕੱਲ੍ਹ ਅਹਿਮ ਮੀਟਿੰਗ ਕਰਨ ਤੋਂ ਬਾਅਦ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਵਿਚ ਤੁਰੰਤ ਪ੍ਰਭਾਵ ਨਾਲ ਮਹਾਪੰਚਾਇਤਾਂ ਬੰਦ ਕਰ ਦੇਣ। ਇਨ੍ਹਾਂ ਦੀ ਇੱਥੇ ਫਿਲਹਾਲ ਕੋਈ ਲੋੜ ਨਹੀਂ। ਕਿਸਾਨ ਨੇਤਾਵਾਂ ਨੇ ਕਿਹਾ ਕਿ ਨੌਜਵਾਨ ਸੰਗਠਨ ਅਤੇ ਜਿਹੜੇ ਵੀ ਕਿਸਾਨ ਮਹਾਪੰਚਾਇਤ ਜਾਂ ਪਿੰਡ-ਪਿੰਡ ਵਿਚ ਪੰਚਾਇਤ ਕਰ ਰਹੇ ਹਨ, ਉਹ ਪੱਕੇ ਮੋਰਚਿਆਂ ਨੂੰ ਮਜ਼ਬੂਤੀ ਦੇਣ ਅਤੇ ਦਿੱਲੀ ਬਾਰਡਰ ’ਤੇ ਧਰਨੇ ਵਾਲੀ ਥਾਂ ’ਤੇ ਪਹੁੰਚਣ। ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਨੇ ਸਾਰੇ ਕਿਸਾਨ ਪਰਿਵਾਰਾਂ ਨੂੰ ਮੁੜ ਸੱਦਾ ਦਿੱਤਾ ਕਿ ਜਿਨ੍ਹਾਂ ਦੇ ਪਰਿਵਾਰ ਵਾਲੇ ਲਾਪਤਾ ਹਨ ਜਾਂ ਜੇਲਾਂ ਵਿਚ ਬੰਦ ਹਨ, ਉਨ੍ਹਾਂ ਦੀ ਸੂਚਨਾ ਤੁਰੰਤ ਜਥੇਬੰਦੀਆਂ ਨੂੰ ਦਿੱਤੀ ਜਾਵੇ ਤਾਂ ਜੋ ਇਨ੍ਹਾਂ ਦੇ ਮੁਕੱਦਮੇ ਲੜਨ ਲਈ ਵਕੀਲਾਂ ਨਾਲ ਗੱਲਬਾਤ ਕਰ ਕੇ ਅੱਗੇ ਪੈਰਵੀ ਕੀਤੀ ਜਾ ਸਕੇ। ਇਸ ਤੋਂ ਪਹਿਲਾਂ ਕੁੰਡਲੀ ਬਾਰਡਰ ’ਤੇ ਧਰਨੇ ਵਾਲੀ ਥਾਂ ’ਤੇ ਪੰਜਾਬ ਦੇ ਕਿਸਾਨਾਂ ਦੀਆਂ 32 ਜਥੇਬੰਦੀਆਂ ਦੀ ਮੀਟਿੰਗ ਹੋਈ, ਜਿਸ ਦੌਰਾਨ ਇਸ ਗੱਲ ’ਤੇ ਚਰਚਾ ਕੀਤੀ ਗਈ ਕਿ ਅੰਦੋਲਨ ਅੱਗੇ ਕਿਵੇਂ ਵਧਾਇਆ ਜਾਵੇ ਅਤੇ ਕੀ ਰਣਨੀਤੀ ਬਣਾਈ ਜਾਵੇ।
ਕਿਸਾਨਾਂ ਦਾ ਸੱਦਾ–ਬੰਦ ਕਰੋ ਮਹਾਪੰਚਾਇਤਾਂ, ਪੱਕੇ ਮੋਰਚੇ ’ਤੇ ਪਹੁੰਚ ਕੇ ਵਧਾਓ ਗਿਣਤੀ-
ਇਸ ਦੌਰਾਨ ਕਿਸਾਨਾਂ ਨੇ ਕਈ ਅਹਿਮ ਫੈਸਲੇ ਲੈਂਦਿਆਂ 18 ਨੂੰ ਹੋਣ ਵਾਲੀ ਰੇਲ ਰੋਕੋ ਮੁਹਿੰਮ ’ਤੇ ਵੀ ਫੋਕਸ ਕੀਤਾ। ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨ ਨੇਤਾਵਾਂ ਨੇ ਕਿਹਾ ਕਿ ਫਿਲਹਾਲ ਪੰਜਾਬ ਵਿਚ ਪੰਚਾਇਤ ਤੇ ਮਹਾਪੰਚਾਇਤਾਂ ’ਤੇ ਤੁਰੰਤ ਰੋਕ ਲਾ ਦਿੱਤੀ ਗਈ ਹੈ। ਉਨ੍ਹਾਂ ਪੰਜਾਬ ਦੇ ਕਿਸਾਨਾਂ, ਨੌਜਵਾਨ ਸੰਗਠਨਾਂ ਤੇ ਕਿਸਾਨਾਂ ਨੂੰ ਸਮਰਥਨ ਦੇ ਰਹੇ ਹੋਰ ਸੰਗਠਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਵਿਚ ਅੰਦੋਲਨ ਸਿਖਰ ’ਤੇ ਹੈ। ਅਜਿਹੇ ਵੇਲੇ ਇੱਥੇ ਮਹਾਪੰਚਾਇਤ ਕਰਨ ਦਾ ਕੋਈ ਮਤਲਬ ਨਹੀਂ ਬਣਦਾ। ਕਿਸਾਨ ਇਸ ਵਿਚ ਵਿਅਰਥ ’ਚ ਸਮਾਂ ਬਰਬਾਦ ਨਾ ਕਰਨ ਅਤੇ ਪੱਕੇ ਮੋਰਚਿਆਂ ’ਤੇ ਪਹੁੰਚ ਕੇ ਅੰਦੋਲਨ ਨੂੰ ਮਜ਼ਬੂਤੀ ਦੇਣ। ਕਿਸਾਨ ਨੇਤਾਵਾਂ ਨੇ ਨੌਜਵਾਨਾਂ ਤੇ ਸੰਗਠਨਾਂ ਨੂੰ ਸੱਦਾ ਦਿੱਤਾ ਕਿ ਉਹ ਟਿਕਰੀ, ਸਿੰਘੂ ਬਾਰਡਰ ਜਾਂ ਗਾਜ਼ੀਪੁਰ ਪਹੁੰਚ ਕੇ ਅੰਦੋਲਨ ਨੂੰ ਮਜ਼ਬੂਤ ਕਰਨ।
ਕਿਸਾਨ ਨੇਤਾਵਾਂ 18 ਦੀ ਰੇਲ ਰੋਕੋ ਮੁਹਿੰਮ ਸਬੰਧੀ ਕਿਹਾ ਕਿ ਕੇਂਦਰ ਸਰਕਾਰ ਨੂੰ ਜਵਾਬ ਦੇਣ ਲਈ ਇਹ ਮੁਹਿੰਮ ਪੂਰੇ ਦੇਸ਼ ਵਿਚ ਚਲਾਈ ਜਾਵੇਗੀ। ਇਸ ਨਾਲ ਸਰਕਾਰ ਦਾ ਇਹ ਭੁਲੇਖਾ ਦੂਰ ਹੋ ਜਾਵੇਗਾ ਕਿ ਇਹ ਅੰਦੋਲਨ ਪੰਜਾਬ ਜਾਂ ਹਰਿਆਣਾ ਦਾ ਹੈ। ਉਨ੍ਹਾਂ ਕਿਹਾ ਕਿ ਸਾਂਝਾ ਮੋਰਚਾ ਜੋ ਫੈਸਲਾ ਲੈਂਦਾ ਹੈ, ਉਸ ਦੇ ਅਨੁਸਾਰ ਹੀ ਕੰਮ ਕਰੋ ਅਤੇ ਸੰਗਠਨਾਂ ਦੇ ਮੈਂਬਰ ਇੱਥੇ ਪਹੁੰਚਣ। ਕਿਸਾਨ ਨੇਤਾਵਾਂ ਨੇ ਕਿਹਾ ਕਿ ਸਰਕਾਰ ਵਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪਹਿਲਾਂ ਦੇ ਮੁਕਾਬਲੇ ਮੋਰਚੇਬੰਦੀ ਕਮਜ਼ੋਰ ਹੋ ਰਹੀ ਹੈ, ਜਦੋਂਕਿ ਪਹਿਲਾਂ ਨਾਲੋਂ ਇੱਥੇ ਕਿਸਾਨਾਂ ਦੀ ਗਿਣਤੀ ਵਧੀ ਹੈ।
ਕਿਸਾਨਾਂ ਨੇ ਮਨਾਈ ਛੋਟੂਰਾਮ ਜਯੰਤੀ, ਸਰਕਾਰ ਖਿਲਾਫ ਕੀਤਾ ਸ਼ੰਖਨਾਦ
ਬਸੰਤ ਪੰਚਮੀ ਮੌਕੇ ਕੁੰਡਲੀ ’ਚ ਧਰਨੇ ਵਾਲੀ ਥਾਂ ’ਤੇ ਕਿਸਾਨਾਂ ਨੇ ਰਹਿਬਰ-ਏ-ਆਜ਼ਮ ਸਰ ਛੋਟੂਰਾਮ ਨੂੰ ਯਾਦ ਕੀਤਾ ਅਤੇ ਭਾਜਪਾ ਸਰਕਾਰ ਖਿਲਾਫ ਸ਼ੰਖਨਾਦ ਕੀਤਾ। ਕਿਸਾਨਾਂ ਨੇ ਕਿਹਾ ਕਿ ਜੋ ਕਾਨੂੰਨ ਸਰ ਛੋਟੂਰਾਮ ਨੇ ਕਿਸਾਨਾਂ ਦੇ ਹਿੱਤ ਲਈ ਰੱਦ ਕਰਵਾਏ ਸਨ, ਉਸੇ ਤਰ੍ਹਾਂ ਦੇ ਕਾਨੂੰਨ ਹੁਣ ਭਾਜਪਾ ਸਰਕਾਰ ਲੈ ਕੇ ਆ ਰਹੀ ਹੈ। ਇਹ ਕਾਨੂੰਨ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਨੀਲਾਮ ਕਰ ਦੇਣਗੇ। ਇਸ ਲਈ ਕਿਸਾਨ ਇਨ੍ਹਾਂ ਦਾ ਵਿਰੋਧ ਕਰ ਰਹੇ ਹਨ।
ਖਾਪ ਪੰਚਾਇਤਾਂ ਨੇ ਵੀ ਛੋਟੂਰਾਮ ਜਯੰਤੀ ਮਨਾਈ ਅਤੇ ਆਪੋ-ਆਪਣੇ ਧਰਨੇ ’ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਧਰਨੇ ਵਾਲੀ ਥਾਂ ’ਤੇ ਕਿਸਾਨ ਮਸੀਹਾ ਸਰ ਛੋਟੂਰਾਮ ਨੂੰ ਯਾਦ ਕਰਦਿਆਂ ਵੱਖ-ਵੱਖ ਕਿਸਾਨ ਸੰਗਠਨਾਂ ਦੇ ਨੇਤਾਵਾਂ ਨੇ ਕਿਹਾ ਕਿ ਛੋਟੂਰਾਮ ਨੇ ਸਖਤ ਮਿਹਨਤ ਤੇ ਸਮਰਪਣ ਨਾਲ ਕਿਸਾਨ ਭਾਈਚਾਰੇ ਦਾ ਸਹੀ ਮਾਰਗਦਰਸ਼ਨ ਕੀਤਾ। ਬ੍ਰਿਟਿਸ਼ ਸਰਕਾਰ ਵੇਲੇ ਕਿਸਾਨ ਹਿੱਤਾਂ ਲਈ 22 ਅਹਿਮ ਕਾਨੂੰਨ ਪਾਸ ਕਰਵਾਏ ਗਏ ਅਤੇ ਕਿਸਾਨਾਂ ਨੂੰ ਸ਼ੋਸ਼ਣਕਾਰੀ ਸ਼ਾਹੂਕਾਰਾਂ ਦੇ ਚੁੰਗਲ ’ਚੋਂ ਆਜ਼ਾਦ ਕਰਵਾਇਆ ਗਿਆ। ਦੇਸ਼ ਭਰ ਵਿਚ ਕਿਸਾਨ ਅਜੇ ਵੀ ਸੰਘਰਸ਼ ਦੇ ਰਸਤੇ ’ਤੇ ਹਨ, ਜਿਨ੍ਹਾਂ ਲਈ ਛੋਟੂਰਾਮ ਪ੍ਰੇਰਣਾਸ੍ਰੋਤ ਹਨ।