ਹਿਮਾਚਲ ’ਚ ਬਰਫ਼ ਦੇ ਤੋਦੇ ਡਿੱਗਣ ਕਾਰਨ 3 ਮਜ਼ਦੂਰਾਂ ਦੀ ਮੌਤ, 2 ਜ਼ਖ਼ਮੀ
Tuesday, Mar 12, 2024 - 03:30 AM (IST)
ਕਲਪਾ/ਸ਼ਿਮਲਾ (ਭਾਸ਼ਾ)– ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲੇ ਦੇ ਮੁਸਰਿੰਗ ’ਚ ਸੋਮਵਾਰ ਨੂੰ ਬਰਫ਼ ਦੇ ਤੋਦੇ ਡਿੱਗਣ ਕਾਰਨ ਝਾਰਖੰਡ ਦੇ 3 ਮਜ਼ਦੂਰਾਂ ਦੀ ਮੌਤ ਹੋ ਗਈ ਤੇ 2 ਹੋਰ ਮਜ਼ਦੂਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਭਾਭਾ ਘਾਟੀ ਖ਼ੇਤਰ ’ਚ ਬਰਫ਼ੀਲੇ ਤੂਫ਼ਾਨ ਦੀ ਲਪੇਟ ’ਚ ਆਉਣ ਤੋਂ ਬਾਅਦ ਬਰਫ਼ ਦੇ ਤੋਦੇ ਡਿੱਗੇ ਹਨ। ਉਨ੍ਹਾਂ ਦੱਸਿਆ ਕਿ ਬਰਫ਼ ਦੇ ਤੋਦੇ ਡਿੱਗਣ ਸਮੇਂ ਵੱਡੀ ਗਿਣਤੀ ’ਚ ਵਰਕਰ ਕੰਮ ਵਾਲੀ ਥਾਂ ’ਤੇ ਦੁਪਹਿਰ ਦਾ ਖਾਣਾ ਖਾ ਰਹੇ ਸਨ। ਭਾਭਾ ਘਾਟੀ ਦੇ ਤਹਿਸੀਲਦਾਰ ਅਰੁਣ ਕੁਮਾਰ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਸਰਕਾਰੀ ਬੱਸਾਂ ਦੀਆਂ ਸਵਾਰੀਆਂ ਲਈ ਅਹਿਮ ਖ਼ਬਰ, ਅੱਜ ਘਰੋਂ ਬਾਹਰ ਨਿਕਲਣਾ ਪਾ ਸਕਦੈ ਮੁਸੀਬਤ
ਪੁਲਸ ਨੇ ਦੱਸਿਆ ਕਿ ਝਾਰਖੰਡ ਦੇ ਰਹਿਣ ਵਾਲੇ ਸੀਮਨ ਕਿੰਡੋ ਤੇ ਬਿਰਿਆ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਝਾਰਖੰਡ ਦੇ ਰਹਿਣ ਵਾਲੇ ਰਤਨ ਲਾਲ ਦੀ ਵੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਨੇਪਾਲ ਦੇ ਇਕ ਮਜ਼ਦੂਰ ਕ੍ਰਿਸ਼ਨਾ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਉਸ ਨੂੰ ਰਾਮਪੁਰ ਦੇ ਹਸਪਤਾਲ ’ਚ ਲਿਜਾਇਆ ਗਿਆ, ਜਦਕਿ ਚੰਦਰ ਨਾਥ ਨੂੰ ਕਾਟਗਾਓਂ ਦੇ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ।
ਸਥਿਤੀ ਦਾ ਜਾਇਜ਼ਾ ਲੈਣ ਲਈ ਭਾਵਨਗਰ ਥਾਣਾ ਇੰਚਾਰਜ ਜਗਦੀਸ਼ ਠਾਕੁਰ ਦੀ ਅਗਵਾਈ ਹੇਠ ਅਧਿਕਾਰੀਆਂ ਤੇ ਪੁਲਸ ਮੁਲਾਜ਼ਮਾਂ ਦੀ ਟੀਮ ਮੌਕੇ ’ਤੇ ਪਹੁੰਚੀ। ਮੌਸਮ ਵਿਭਾਗ ਨੇ 13 ਮਾਰਚ ਤੋਂ ਪੱਛਮੀ ਗੜਬੜੀ ਦੇ ਹਿਮਾਲੀਅਨ ਖ਼ੇਤਰ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਪ੍ਰਗਟ ਕਰਦਿਆਂ ਕਿਹਾ ਕਿ ਚੰਬਾ, ਕੁੱਲੂ, ਲਾਹੌਲ ਤੇ ਸਪਿਤੀ, ਕਿਨੌਰ ਤੇ ਸ਼ਿਮਲਾ ਦੇ ਉੱਚੇ ਖ਼ੇਤਰਾਂ ’ਚ 13 ਤੇ 14 ਮਾਰਚ ਨੂੰ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਵਿਭਾਗ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਮੱਧ ਤੇ ਹੇਠਲੇ ਪਹਾੜੀ ਇਲਾਕਿਆਂ ’ਚ ਗੜ੍ਹੇਮਾਰੀ ਤੇ ਤੂਫ਼ਾਨ ਦੇ ਨਾਲ-ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।