3 ਸਕੇ ਭੈਣ-ਭਰਾ ਬਣੇ PCS ਅਧਿਕਾਰੀ, ਗ਼ਰੀਬੀ ਕਾਰਨ ਇਕੋ ਕਿਤਾਬ ਨਾਲ ਕੀਤੀ ਸੀ ਪੜ੍ਹਾਈ
Friday, Jan 27, 2023 - 12:58 PM (IST)
ਡੋਡਾ- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਇਕ ਗਰੀਬ ਪਰਿਵਾਰ ਦੇ 3 ਬੱਚਿਆਂ ਨੇ ਜੰਮੂ ਕਸ਼ਮੀਰ ਦੀ ਪੀ.ਸੀ.ਐੱਸ. (ਸੂਬਾਈ ਸਿਵਲ ਸੇਵਾ) ਦੀ ਪ੍ਰੀਖਿਆ ਪਾਸ ਕੀਤੀ ਹੈ। ਇਨ੍ਹਾਂ 'ਚੋਂ 2 ਕੁੜੀਆਂ ਹਨ ਅਤੇ ਇਕ ਮੁੰਡਾ ਹੈ। ਕੁੜੀਆਂ ਹੂਮਾ ਅਤੇ ਇਫਰਾ ਵੱਡੀਆਂ ਹਨ, ਜਦਕਿ ਮੁੰਡਾ ਸੁਹੇਲ ਛੋਟਾ ਹੈ। ਜਿਨ੍ਹਾਂ ਹਾਲਾਤਾਂ 'ਚ ਇਨ੍ਹਾਂ ਤਿੰਨਾਂ ਬੱਚਿਆਂ ਨੇ ਸਫ਼ਲਤਾ ਹਾਸਲ ਕੀਤੀ ਹੈ, ਉਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਇਨ੍ਹਾਂ ਤਿੰਨੇ ਭੈਣ ਭਰਾਵਾਂ ਕੋਲ ਪੜ੍ਹਨ ਲਈ ਇਕ ਹੀ ਕਿਤਾਬ ਸੀ। ਜਿਸ ਕਰਕੇ ਪ੍ਰੀਖਿਆ ਦੀ ਤਿਆਰੀ ਕਰਨੀ ਵੀ ਸੌਖਾ ਕੰਮ ਨਹੀਂ ਸੀ। ਪਰਿਵਾਰ ਦੀ ਆਰਥਿਕ ਹਾਲਤ ਵੀ ਕੋਈ ਸੰਤੋਖਜਨਕ ਨਹੀਂ ਸੀ। ਪਿਤਾ ਮਨੂਰ ਅਹਿਮਦ ਵਾਣੀ ਦੀ ਇਕ ਮਹੀਨੇ ਦੀ ਆਮਦਨ ਲਗਭਗ 15-20 ਹਜ਼ਾਰ ਰੁਪਏ ਹੈ। ਉਹ ਮਜ਼ਦੂਰ ਠੇਕੇਦਾਰ ਹਨ। ਇਨ੍ਹਾਂ ਦੇ ਘਰ ਦੇ ਸਿਰਫ਼ 3 ਕਮਰੇ ਹਨ।
ਹੂਮਾ ਅਤੇ ਸੁਹੇਲ ਨੇ ਪਹਿਲੀ ਕੋਸ਼ਿਸ਼ 'ਚ ਹੀ ਇਹ ਸਿਵਲ ਸੇਵਾ ਪ੍ਰੀਖਿਆ ਪਾਸ ਕਰ ਲਈ, ਜਦਕਿ ਇਫਰਾ ਨੂੰ ਇਕ ਵਾਰ ਫੇਰ ਕੋਸ਼ਿਸ਼ ਕਰਨੀ ਪਈ। ਸੁਹੇਲ ਨੇ 111ਵਾਂ, ਹੂਮਾ ਨੇ 117ਵਾਂ ਅਤੇ ਇਫਰਾ ਨੇ 143ਵਾਂ ਸਥਾਨ ਹਾਸਲ ਕੀਤਾ ਹੈ। ਸੁਹੇਲ ਪੁਲਸ ਦੀ ਨੌਕਰੀ ਕਰਨੀ ਚਾਹੁੰਦਾ ਹੈ। ਜਦਕਿ ਹੂਮਾ ਅਤੇ ਇਫਰਾ ਪ੍ਰਸ਼ਾਸ਼ਨਿਕ ਸਰਵਿਸ ਨੂੰ ਤਰਜੀਹ ਦਿੰਦੀਆਂ ਹਨ। ਉਹ ਮਹਿਲਾ ਵਰਗ ਲਈ ਕੁਝ ਕਰਨ ਦੀ ਇੱਛਾ ਰੱਖਦੀਆਂ ਹਨ। ਆਪਣੇ ਮਾਤਾ ਪਿਤਾ ਦੇ ਸੁਫ਼ਨੇ ਸਾਕਾਰ ਕਰਨ ਦੀ ਕੋਸ਼ਿਸ਼ 'ਚ ਤਿੰਨੇ ਭੈਣ ਭਰਾਵਾਂ ਨੇ ਖੂਬ ਮਿਹਨਤ ਕੀਤੀ। ਮਾਤਾ ਪਿਤਾ ਨੂੰ ਵੀ ਆਪਣੇ ਬੱਚਿਆਂ 'ਤੇ ਮਾਣ ਹੈ। ਹਰ ਕੋਈ ਇਸ ਪਰਿਵਾਰ ਨੂੰ ਵਧਾਈਆਂ ਦੇ ਰਿਹਾ ਹੈ। ਆਪਣੀ ਮਿਹਨਤ ਸਦਕਾ ਇਨ੍ਹਾਂ ਨੇ ਇਤਿਹਾਸ ਸਿਰਜ ਦਿੱਤਾ ਹੈ।