ਨੋਇਡਾ ''ਚ ਕੋਰੋਨਾਵਾਇਰਸ ਤੋਂ ਰਾਹਤ ਭਰੀ ਖਬਰ, 3 ਮਰੀਜ਼ ਹੋਏ ਠੀਕ

Wednesday, Mar 25, 2020 - 04:21 PM (IST)

ਨੋਇਡਾ ''ਚ ਕੋਰੋਨਾਵਾਇਰਸ ਤੋਂ ਰਾਹਤ ਭਰੀ ਖਬਰ, 3 ਮਰੀਜ਼ ਹੋਏ ਠੀਕ

ਨੋਇਡਾ-ਪੂਰੀ ਦੁਨੀਆ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ ਪਰ ਇਸ ਦੌਰਾਨ ਗ੍ਰੇਟਰ ਨੋਇਡਾ ਤੋਂ ਇਕ ਰਾਹਤ ਭਰੀ ਖਬਰ ਵੀ ਮਿਲੀ ਹੈ। ਜਾਣਕਾਰੀ ਮੁਤਾਬਕ ਗ੍ਰੇਟਰ ਨੋਇਡਾ 'ਚ ਆਈਸੋਲੇਸ਼ਨ 'ਚ ਭਰਤੀ 3 ਮਰੀਜ਼ ਠੀਕ ਹੋ ਗਏ ਹਨ। ਇਸ ਦੇ ਨਾਲ ਹੀ ਜਾਣਕਾਰੀ ਮਿਲੀ ਹੈ ਕਿ ਅਮੇਠੀ 'ਚ ਵੀ ਆਈਸੋਲੇਸ਼ਨ ਵਾਰਡ 'ਚ ਰੱਖੇ ਗਏ ਇਕ ਵਿਅਕਤੀ ਦੀ ਰਿਪੋਰਟ ਨੈਗੇਟਿਵ ਆਈ ਹੈ। ਅਧਿਕਾਰੀਆਂ ਨੇ ਅੱਜ ਭਾਵ ਬੁੱਧਵਾਰ ਨੂੰ ਦੱਸਿਆ ਹੈ ਕਿ ਇਨਾਂ ਦੀ ਜਾਂਚ ਇਕ ਵਾਰ ਫਿਰ ਕੀਤੀ ਜਾਵੇਗੀ ਅਤੇ ਨਤੀਜਾ ਨੈਗੇਟਿਵ ਆਉਂਦਾ ਹੈ ਤਾਂ ਉਨ੍ਹਾਂ ਨੂੰ ਘਰ ਭੇਜ ਦਿੱਤਾ ਜਾਵੇਗਾ। 

ਚੀਫ ਮੈਡੀਕਲ ਅਧਿਕਾਰੀ ਅਨੁਰਾਗ ਭਾਰਗਵ ਨੇ ਦੱਸਿਆ ਹੈ ਕਿ ਗ੍ਰੇਟਰ ਨੋਇਡਾ ਦੇ ਜਿਮਸ ਹਸਪਤਾਲ 'ਚ ਭਰਤੀ ਕੋਰੋਨਾ ਪਾਜ਼ੀਟਿਵ ਇਕ ਔਰਤ ਸਮੇਤ 3 ਲੋਕਾਂ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਇਨ੍ਹਾਂ ਨੂੰ ਕੋਰੋਨਾ ਵਾਇਰਸ ਨਾਲ ਇਨਫੈਕਟਡ ਹੋਣ ਦੀ ਪੁਸ਼ਟੀ ਤੋਂ ਬਾਅਦ ਹਸਪਤਾਲ 'ਚ ਰੱਖਿਆ ਗਿਆ ਸੀ ਅਤੇ 14 ਦਿਨਾਂ ਤੋਂ ਬਾਅਦ ਜਾਂਚ ਰਿਪੋਰਟ ਨੈਗੇਟਿਵ ਆਈ ਹੈ।   

ਇਹ ਵੀ ਦੱਸਿਆ ਜਾਂਦਾ ਹੈ ਕਿ ਅਮੇਠੀ 'ਚ 3 ਦਿਨ ਪਹਿਲਾਂ ਇਕ ਨੌਜਵਾਨ ਨੂੰ ਜ਼ਿਲਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਭਰਤੀ ਕਰਵਾਇਆ ਗਿਆ ਸੀ। ਜਾਂਚ ਲਈ ਉਸ ਦਾ ਬਲੱਡ ਸੈਂਪਲ ਕੇ.ਜੀ.ਐੱਮ.ਯੂ. ਲਖਨਊ ਭੇਜਿਆ ਗਿਆ ਸੀ, ਜਿੱਥੇ ਉਸ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਹੈ। ਇਸ ਤੋਂ ਬਾਅਦ ਅਮੇਠੀ ਜ਼ਿਲਾ ਪ੍ਰਸ਼ਾਸਨ ਨੇ ਰਾਹਤ ਦਾ ਸਾਹ ਲਿਆ ਹੈ।

ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਨੂੰ ਲੈ ਕੇ ਪੂਰੇ ਦੇਸ਼ 'ਚ ਲਾਕ ਡਾਊਨ ਹੈ। ਯੂ.ਪੀ. 'ਚ ਹੁਣ ਤੱਕ 37 ਮਰੀਜ਼ ਸਾਹਮਣੇ ਆ ਚੁੱਕੇ ਹਨ। ਸਰਕਾਰ ਲਗਾਤਾਰ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ ਕਰ ਰਹੀ ਹੈ ਅਤੇ ਜ਼ਰੂਰੀ ਸਾਮਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।


author

Iqbalkaur

Content Editor

Related News