ਕੁਦਰਤੀ ਆਫ਼ਤ: ਉੱਤਰਾਖੰਡ 'ਚ ਬੱਦਲ ਫਟਣ ਕਾਰਨ 3 ਲੋਕਾਂ ਦੀ ਮੌਤ, 8 ਲਾਪਤਾ
Monday, Jul 20, 2020 - 12:21 PM (IST)
ਪਿਥੌਰਾਗੜ੍ਹ— ਉੱਤਰਾਖੰਡ ਦੇ ਪਿਥੌਰਾਗੜ੍ਹ 'ਚ ਬੱਦਲ ਫਟਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 8 ਲੋਕ ਲਾਪਤਾ ਦੱਸੇ ਜਾ ਰਹੇ ਹਨ। ਬੱਦਲ ਫਟਣ ਕਾਰਨ ਕਈ ਘਰ ਜ਼ਮੀਨਦੋਜ਼ ਹੋ ਗਏ। ਪਹਾੜ ਤੋਂ ਆਏ ਮਲਬੇ ਕਾਰਨ ਕਈ ਘਰ ਦੱਬੇ ਗਏ। ਇਸ ਦੇ ਨਾਲ ਹੀ ਇੱਥੇ ਪਾਣੀ ਦੇ ਵਹਾਅ ਕਾਰਨ ਕਈ ਲੋਕਾਂ ਦੇ ਵਹਿ ਜਾਣ ਦੀਆਂ ਖ਼ਬਰਾਂ ਵੀ ਹਨ। ਮੌਸਮ ਮਹਿਕਮੇ ਮੁਤਾਬਕ ਇੱਥੇ ਅਗਲੇ ਦੋ ਦਿਨਾਂ ਤੱਕ ਭਾਰੀ ਮੀਂਹ ਪਰੇਸ਼ਾਨੀ ਦਾ ਸਬੱਬ ਬਣ ਸਕਦਾ ਹੈ।
ਦਰਅਸਲ ਐਤਵਾਰ ਦੀ ਰਾਤ ਨੂੰ ਪਏ ਮੀਂਹ ਤੋਂ ਬਾਅਦ ਇੱਥੇ ਮੁਨਸਯਾਰੀ ਅਤੇ ਬੰਗਾਪਾਨੀ ਦੇ ਗੇਲਾ ਪਿੰਡ 'ਚ ਬੱਦਲ ਫਟਣ ਕਾਰਨ ਤਬਾਹੀ ਮਚ ਗਈ। ਕਈ ਘਰ ਦੇਖਦੇ ਹੀ ਦੇਖਦੇ ਜ਼ਮੀਨਦੋਜ਼ ਹੋ ਗਏ। 3 ਲੋਕਾਂ ਦੇ ਘਰ ਦੇ ਮਲਬੇ ਹੇਠਾਂ ਦੱਬਣ ਕਾਰਨ ਮੌਤ ਹੋ ਗਈ ਅਤੇ 3 ਹੋਰ ਜ਼ਖ਼ਮੀ ਹਨ। ਇਸ ਤੋਂ ਇਲਾਵਾ 8 ਲੋਕ ਲਾਪਤਾ ਹੋ ਗਏ। ਓਧਰ ਪਿਥੌਰਾਗੜ੍ਹ ਦੇ ਜ਼ਿਲ੍ਹਾ ਮੈਜਿਸਟ੍ਰੇਟ ਵੀ. ਕੇ. ਜੋਗਦੰਡੇ ਮੁਤਾਬਕ ਮਦਕੋਟ ਪਿੰਡ ਦੇ 3 ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ, ਜਦਕਿ ਬੱਦਲ ਫਟਣ ਕਾਰਨ ਗੁਆਂਢੀ ਪਿੰਡ ਦੇ 8 ਲੋਕ ਲਾਪਤਾ ਹਨ। ਉਨ੍ਹਾਂ ਨੇ ਦੱਸਿਆ ਕਿ ਇਕ ਬਚਾਅ ਦਲ ਘਟਨਾ ਵਾਲੀ ਥਾਂ 'ਤੇ ਮੌਜੂਦ ਹੈ।
ਉੱਤਰਾਖੰਡ 'ਚ ਭਾਰੀ ਮੀਂਹ ਪੈਣ ਕਾਰਨ ਨਦੀਆਂ ਉਫਾਨ 'ਤੇ ਹਨ। ਕਈ ਥਾਵਾਂ 'ਤੇ ਸੜਕਾਂ 'ਚ ਦਰਾਰ ਆ ਗਈ ਹੈ। ਮੌਸਮ ਮਹਿਕਮੇ ਨੇ ਉੱਤਰਾਖੰਡ ਦੇ ਹਰੀਦੁਆਰ ਪੌੜੀ ਗੜ੍ਹਵਾਲ, ਪਿਥੌਰਾਗੜ੍ਹ, ਨੈਨੀਤਾਲ ਅਤੇ ਬਾਗੇਸ਼ਵਰ ਵਿਚ ਭਾਰੀ ਮੀਂਹ ਦਾ ਆਰੇਂਜ ਅਲਰਟ ਜਾਰੀ ਕੀਤਾ ਹੋਇਆ ਹੈ। ਯਾਨੀ ਕਿ ਮੁਸੀਬਤ ਅਜੇ ਬਾਕੀ ਹੈ। ਉੱਤਰਾਖੰਡ ਦੇ ਨਾਲ-ਨਾਲ ਦੂਜੇ ਪਹਾੜੀ ਸੂਬਿਆਂ ਹਿਮਾਚਲ ਪ੍ਰਦੇਸ਼ ਵਿਚ ਵੀ ਮੀਂਹ ਆਫ਼ਤ ਬਣ ਰਿਹਾ ਹੈ। ਕਈ ਥਾਵਾਂ 'ਤੇ ਜ਼ਮੀਨ ਖਿਸਕਣ ਦੀਆਂ ਖ਼ਬਰਾਂ ਹਨ।