ਪਾਕਿ 'ਚ ਤਿੰਨ ਹੋਰ ਘੱਟ ਗਿਣਤੀ ਲੜਕੀਆਂ ਅਗਵਾ, ਸਿਰਸਾ ਨੇ ਟਵੀਟ ਕਰ ਦਿੱਤੀ ਜਾਣਕਾਰੀ

01/17/2020 3:53:41 PM

ਨਵੀਂ ਦਿੱਲੀ/ਇਸਲਾਮਾਬਾਦ- ਪਾਕਿਸਤਾਨ ਵਿਚ ਲਗਾਤਾਰ ਹਿੰਦੂ, ਸਿੱਖ ਤੇ ਈਸਾਈ ਭਾਈਚਾਰਿਆਂ 'ਤੇ ਅੱਤਿਆਚਾਰ ਹੋ ਰਹੇ ਹਨ। ਹਿੰਦੂ, ਸਿੱਖ ਤੇ ਈਸਾਈ ਭਾਈਚਾਰਿਆਂ ਦੀਆਂ ਲੜਕੀਆਂ ਨੂੰ ਜ਼ਬਰੀ ਅਗਵਾ ਕਰਕੇ ਉਹਨਾਂ ਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਇੰਨਾ ਹੀ ਨਹੀਂ ਪਾਕਿਸਤਾਨ ਵਿਚ ਬੀਤੇ ਦੋ ਦਿਨਾਂ ਵਿਚ ਤਿੰਨ ਹੋਰ ਘੱਟ ਗਿਣਤੀ ਭਾਈਚਾਰਿਆਂ ਦੀਆਂ ਲੜਕੀਆਂ ਨੂੰ ਅਗਵਾ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਕ ਟਵੀਟ ਰਾਹੀਂ ਦਿੱਤੀ ਹੈ।

ਸਿਰਸਾ ਨੇ ਆਪਣੇ ਟਵੀਟ ਵਿਚ ਕਿਹਾ ਕਿ ਡੀ.ਐਸ.ਜੀ.ਐਮ.ਸੀ. ਵਫਦ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨਾਲ ਮਿਲ ਕੇ ਪਾਕਿਸਤਾਨ ਵਿਚ ਅਗਵਾ ਕੀਤੀਆਂ ਘੱਟ-ਗਿਣਤੀ ਭਾਈਚਾਰਿਆਂ ਦੀਆਂ ਲੜਕੀਆਂ ਲਈ ਇਨਸਾਫ ਲਈ ਭਾਰਤ ਸਰਕਾਰ ਵਲੋਂ ਮਦਦ ਉਮੀਦ ਕਰ ਰਿਹਾ ਹੈ। ਅਸੀਂ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਪਾਕਿਸਤਾਨ ਵਿਚ ਹਿੰਦੂ-ਸਿੱਖ ਕੁੜੀਆਂ 'ਤੇ ਅੱਤਿਆਚਾਰ ਤੇ ਜ਼ਬਰੀ ਧਰਮ ਪਰਿਵਰਤਨ ਦੇ ਮੁੱਦੇ 'ਤੇ ਨਵੀਂ ਦਿੱਲੀ ਵਿਚ ਪਾਕਿਸਤਾਨ ਦੇ ਹਾਈ ਕਮਿਸ਼ਨ ਨੂੰ ਤਲਬ ਕਰੇ। ਇਸ ਦੇ ਨਾਲ ਉਹਨਾਂ ਇਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ਵਿਚ ਉਹ ਕਹਿ ਰਹੇ ਹਨ ਕਿ ਪਾਕਿਸਤਾਨ ਵਿਚ ਬੀਤੇ ਦੋ ਦਿਨਾਂ ਵਿਚ ਘੱਟ ਗਿਣਤੀ ਭਾਈਚਾਰਿਆਂ ਦੀਆਂ ਤਿੰਨ ਲੜਕੀਆਂ ਅਗਵਾ ਹੋਈਆਂ ਹਨ। ਜਿਹਨਾਂ ਦੇ ਨਾਂ ਉਹਨਾਂ ਨੇ ਸ਼ਾਂਤੀ, ਸਰਮੀ ਤੇ ਮਹਿਕ ਕੁਮਾਰੀ ਦੱਸੇ। ਉਹਨਾਂ ਦੱਸਿਆ ਕਿ ਸ਼ਾਂਤੀ ਤੇ ਸਰਮੀ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਪਰ ਮਹਿਕ ਕੁਮਾਰੀ ਨੂੰ ਪਾਕਿਸਤਾਨ ਦੇ ਹੀ ਇਕ ਗੁੰਡੇ ਨੇ ਅਗਵਾ ਕੀਤਾ ਹੈ ਤੇ ਉਸ ਨੇ ਲੜਕੀ ਦੇ ਪਿਤਾ ਨੂੰ ਧਮਕੀ ਦਿੱਤੀ ਹੈ ਕਿ ਉਸ ਨੇ ਉਹਨਾਂ ਦੀ ਲੜਕੀ ਦਾ ਬਲਾਤਕਾਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਸ ਗੁੰਡੇ ਨੇ ਕਿਹਾ ਕਿ ਲੜਕੀ ਦੇ ਵਾਪਸ ਮਿਲਣ ਦੀ ਉਮੀਦ ਨਾ ਰੱਖਣਾ। ਸਿਰਸਾ ਨੇ ਇਸ ਦੇ ਨਾਲ ਹੀ ਕਿਹਾ ਕਿ ਬੀਤੇ ਦੋ ਮਹੀਨਿਆਂ ਦੇ ਅੰਦਰ 50 ਲੜਕੀਆਂ ਨੂੰ ਅਗਵਾ ਕੀਤਾ ਗਿਆ ਹੈ।

ਸਿਰਸਾ ਨੇ ਘੱਟ ਗਿਣਤੀ ਭਾਈਚਾਰਿਆਂ 'ਤੇ ਹੋ ਰਹੇ ਅੱਤਿਆਚਾਰਾਂ 'ਤੇ ਚਿੰਤਾ ਵਿਅਕਤ ਕਰਦਿਆਂ ਕਿਹਾ ਕਿ ਉਹਨਾਂ ਨੇ ਵਿਦੇਸ਼ ਮੰਤਰਾਲਾ ਤੇ ਗ੍ਰਹਿ ਮੰਤਰਾਲਾ ਨਾਲ ਵੀ ਗੱਲ ਕੀਤੀ ਹੈ ਤੇ ਦਿੱਲੀ ਵਿਚ ਪਾਕਿਸਤਾਨ ਦੇ ਹਾਈ ਕਮਿਸ਼ਨ ਤਬਲ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਚ ਇਕ ਸਿੱਖ ਲੜਕੀ ਦਾ ਜ਼ਬਰੀ ਧਰਮ ਪਰਿਵਰਤਨ ਕਰਵਾਇਆ ਗਿਆ ਸੀ ਤੇ ਇਸ ਤੋਂ ਬਾਅਦ ਉਸ ਦਾ ਇਕ ਮੁਸਲਿਮ ਲੜਕੇ ਨਾਲ ਵਿਆਹ ਕਰਵਾ ਦਿੱਤਾ ਗਿਆ। ਇਸ ਤੋਂ ਬਾਅਦ ਪਾਕਿਸਤਾਨ ਦੇ ਕਰਾਚੀ ਦੇ ਡਿਫੈਂਸ ਹਾਊਸਿੰਗ ਅਥਾਰਟੀ ਇਲਾਕੇ ਵਿਚ 13 ਦਸੰਬਰ ਨੂੰ ਇਕ ਲੜਕੀ ਮਹਿਕ ਕੇਸਵਾਨੀ ਲਾਪਤਾ ਹੋ ਗਈ। ਕੁਝ ਦਿਨ ਬਾਅਦ ਪਤਾ ਲੱਗਿਆ ਕਿ ਉਸ ਦਾ ਵੀ ਧਰਮ ਪਰਿਵਤਨ ਕਰਵਾ ਕੇ ਉਸ ਦਾ ਵਿਆਹ ਇਸ ਮੁਸਲਿਮ ਲੜਕੇ ਨਾਲ ਕਰਵਾ ਦਿੱਤਾ ਗਿਆ ਹੈ।


Baljit Singh

Content Editor

Related News