ਵਿਆਹ ਤੋਂ ਪਰਤ ਰਹੇ ਸਨ 3 ਦੋਸਤ, ਬਦਮਾਸ਼ਾਂ ਨੇ ਪਿਸਤੌਲ ਦੀ ਨੋਕ ’ਤੇ ਖੋਹ ਲਈ ਕਾਰ
Monday, Dec 13, 2021 - 11:39 AM (IST)
ਰੋਹਤਕ (ਸੋਨੂੰ ਭਾਰਦਵਾਜ)— ਰੋਹਤਕ ਜ਼ਿਲ੍ਹੇ ਦੇ ਖਾਰਵਾੜ ਬਾਈਪਾਸ ’ਤੇ ਦੋ ਬਦਮਾਸ਼ਾਂ ਨੇ ਕਾਰ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਪੀੜਤ ਤਿੰਨੋਂ ਦੋਸਤ ਦਿੱਲੀ ਦੇ ਦੁਆਰਕਾ ਤੋਂ ਵਿਆਹ ’ਚ ਸ਼ਾਮਲ ਹੋਣ ਮਗਰੋਂ ਰੋਹਤਕ ਘਰ ਵਾਪਸ ਪਰਤ ਰਹੇ ਸਨ। ਕਾਰ ਵਿਚ ਰੁਪਏ, ਮੋਬਾਇਲ ਫੋਨ ਆਦਿ ਵੀ ਸਨ। ਲੁੱਟ ਦੀ ਵਾਰਦਾਤ ਮਗਰੋਂ 100 ਮੀਟਰ ਤੱਕ ਮੋਬਾਇਲ ਫੋਨ ਆਨ ਰਿਹਾ, ਇਸ ਤੋਂ ਤੁਰੰਤ ਬਾਅਦ ਉਹ ਸਵਿੱਚ ਆਫ਼ ਹੋ ਗਿਆ। ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ ਹੈ।
ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਬਦਮਾਸ਼ਾਂ ਖ਼ਿਲਾਫ਼ ਲੁੱਟ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਲੀ ਸ਼ਿਕਾਇਤ ’ਚ ਰਵੀ ਕੁਮਾਰ ਨੇ ਦੱਸਿਆ ਕਿ ਉਹ ਹਨੂੰਮਾਨ ਕਾਲੋਨੀ ਰੋਹਤਕ ਦਾ ਰਹਿਣ ਵਾਲਾ ਹੈ। 11 ਦਸੰਬਰ ਨੂੰ ਉਹ ਆਪਣੀ ਕਾਲੋਨੀ ਦੇ ਦੋਸਤ ਅਮਿਤ ਅਤੇ ਮੋਹਿਤ ਨਾਲ ਗੁਆਂਢੀ ਪ੍ਰਵੇਸ਼ ਦੀ ਬਰਾਤ ਵਿਚ ਦੁਆਰਕਾ ਗਿਆ ਸੀ। ਤਿੰਨੋਂ ਰਵੀ ਦੀ ਬਲੇਨੋ ਕਾਰ ’ਚ ਸਵਾਰ ਸਨ। ਦੇਰ ਰਾਤ ਕਰੀਬ ਸਵਾ 2 ਵਜੇ ਵਾਪਸੀ ਦੌਰਾਨ ਜਦੋਂ ਉਹ ਰੋਹਤਕ ਤੋਂ ਅੱਗੇ ਖਾਰਵਾੜ ਪਿੰਡ ਨੇੜੇ ਬਾਈਪਾਸ ਪਹੁੰਚੇ ਤਾਂ ਪਿੱਛੋਂ ਇਕ ਹੋਰ ਗੱਡੀ ਓਵਰਟੇਕ ਕਰਦੀ ਹੋਈ ਉਨ੍ਹਾਂ ਦੀ ਕਾਰ ਅੱਗੇ ਆ ਰੁਕੀ। ਰਵੀ ਨੇ ਵੀ ਆਪਣੀ ਕਾਰ ਦੀ ਬਰੇਕ ਲਾਈ।
ਦੂਜੀ ਗੱਡੀ ’ਚੋਂ ਦੋ ਨੌਜਵਾਨ ਹੇਠਾਂ ਉਤਰੇ ਅਤੇ ਦੋਹਾਂ ਦੇ ਹੱਥਾਂ ’ਚ ਪਿਸਤੌਲ ਸੀ। ਦੋਹਾਂ ਨੇ ਕਾਰ ਦੇ ਦਰਵਾਜ਼ੇ ਖੁੱਲ੍ਹਵਾਏ ਅਤੇ ਪਿਸਤੌਲ ਤਾਣ ਦਿੱਤੀ। ਪਿਸਤੌਲ ਤਾਣ ਕੇ ਬਦਮਾਸ਼ਾਂ ਨੇ ਕਿਹਾ ਕਿ ਕਾਰ ਵਿਚੋਂ ਹੇਠਾਂ ਉਤਰੋ। ਡਰ ਕਾਰਨ ਤਿੰਨੋਂ ਕਾਰ ਵਿਚੋਂ ਹੇਠਾਂ ਉਤਰ ਗਏ। ਤਿੰਨਾਂ ਦੇ ਹੇਠਾਂ ਉਤਰਦੇ ਹੀ ਬਦਮਾਸ਼ ਕਾਰ ਲੁੱਟ ਕੇ ਫਰਾਰ ਹੋ ਗਏ। ਪੀੜਤ ਰਵੀ ਨੇ ਦੱਸਿਆ ਕਿ ਬਦਮਾਸ਼ਾਂ ਨੇ ਪਿਸਤੌਲ ਤਾਣ ਕੇ ਕਿਹਾ ਕਿ ਭਰਾ ਗੱਡੀ ਛੱਡ ਦਿਓ। ਉਨ੍ਹਾਂ ਦੀ ਬੋਲੀ ਸਥਾਨਕ ਸੀ।