ਹਾਰਟ ਅਟੈਕ ਤੋਂ ਬਚਣ ਲਈ ਕਾਫੀ ਹਨ 3 ਕੱਪ ਕੌਫੀ, ਨਵੀਂ ਖੋਜ ’ਚ ਹੋਇਆ ਖੁਲਾਸਾ

Wednesday, Sep 01, 2021 - 01:22 AM (IST)

ਹਾਰਟ ਅਟੈਕ ਤੋਂ ਬਚਣ ਲਈ ਕਾਫੀ ਹਨ 3 ਕੱਪ ਕੌਫੀ, ਨਵੀਂ ਖੋਜ ’ਚ ਹੋਇਆ ਖੁਲਾਸਾ

ਨਵੀਂ ਦਿੱਲੀ- ਕੌਫੀ ਪੀਣ ਦੇ ਸ਼ੌਕੀਨਾਂ ਲਈ ਖੁਸ਼ਖਬਰੀ ਹੈ। ਹੁਣੇ ਜਿਹੇ ਹੋਈ ਇਕ ਖੋਜ ਵਿਚ ਪਤਾ ਲੱਗਾ ਹੈ ਕਿ ਦਿਨ ਵਿਚ 0.5 ਤੋਂ 3 ਕੱਪ ਕੌਫੀ ਪੀਣਾ ਤੁਹਾਡੇ ਦਿਲ ਨੂੰ ਦਰੁਸਤ ਰੱਖਦਾ ਹੈ। ਅਧਿਐਨ ਅਨੁਸਾਰ ਰੋਜ਼ਾਨਾ ਪਲੇਨ ਬਲੈਕ ਕੌਫੀ ਪੀਣ ਨਾਲ ਦਿਲ ਦੀਆਂ ਬੀਮਾਰੀਆਂ ਨਾਲ ਹੋਣ ਵਾਲੀ ਮੌਤ ਅਤੇ ਸਟ੍ਰੋਕ ਵਰਗੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਇਹ ਖੋਜ ਯੂਰਪੀਅਨ ਸੁਸਾਇਟੀ ਆਫ ਕਾਰਡੀਓਲਾਜੀ ਦੀ ਸਾਲਾਨਾ ਬੈਠਕ ਵਿਚ ਪੇਸ਼ ਕੀਤੀ ਗਈ।

ਹਾਰਟ ਅਟੈਕ ਦਾ ਖਤਰਾ 21 ਫੀਸਦੀ ਘੱਟ
ਕੌਫੀ ਦੇ ਅਸਰ ਦੀ ਜਾਂਚ ਲਈ ਖੋਜੀਆਂ ਨੇ ਯੂ. ਕੇ. ਬਾਇਓਬੈਂਕ ’ਚ 4 ਲੱਖ 68 ਹਜ਼ਾਰ ਵਿਅਕਤੀਆਂ ਦੇ ਡਾਟਾ ਦਾ ਅਧਿਐਨ ਕੀਤਾ, ਜਿਨ੍ਹਾਂ ਨੇ ਆਪਣੇ ਦਿਲ ਦੀ ਬਣਤਰ ਤੇ ਕਾਰਜ ਸਮਰੱਥਾ ਦੀ ਜਾਂਚ ਕਰਨ ਲਈ ਐੱਮ. ਆਰ. ਆਈ. ਸਕੈਨ ਕਰਵਾਇਆ ਸੀ। ਅਧਿਐਨ ਵਿਚ ਪਤਾ ਲੱਗਾ ਹੈ ਕਿ ਰੋਜ਼ਾਨਾ 0.5 ਤੋਂ 3 ਕੱਪ ਕੌਫੀ ਪੀਣ ਵਾਲੇ ਲੋਕਾਂ ਵਿਚ ਕੌਫੀ ਨਾ ਪੀਣ ਵਾਲਿਆਂ ਦੇ ਮੁਕਾਬਲੇ ਹਾਰਟ ਅਟੈਕ ਦਾ ਖਤਰਾ 30 ਫੀਸਦੀ ਤਕ ਘੱਟ ਹੋ ਜਾਂਦਾ ਹੈ। ਖੋਜੀਆਂ ਅਨੁਸਾਰ ਦਿਨ ਵਿਚ 3 ਕੱਪ ਕੌਫੀ ਪੀਣਾ ਅਨੁਕੂਲ ਕਾਰਡੀਓਵੈਸਕੁਲਰ ਨਤੀਜਿਆਂ ਨਾਲ ਜੁੜਿਆ ਹੋਇਆ ਹੈ। ਐੱਮ. ਆਰ. ਆਈ. ਦੇ ਅਧਿਐਨ ਤੋਂ ਪਤਾ ਲੱਗਾ ਕਿ ਰੋਜ਼ਾਨਾ ਕੌਫੀ ਪੀਣ ਵਾਲਿਆਂ ਦਾ ਦਿਲ ਕੌਫੀ ਨਾ ਪੀਣ ਵਾਲਿਆਂ ਦੇ ਮੁਕਾਬਲੇ ਚੰਗੀ ਸਥਿਤੀ ਵਿਚ ਸੀ। ਕੌਫੀ ਦਾ ਅਸਰ ਦਿਲ ’ਤੇ ਉਮਰ ਵਧਣ ਦੇ ਨੁਕਸਾਨਦੇਹ ਅਸਰਾਂ ਨੂੰ ਉਲਟਾਉਣ ਵਿਚ ਸਮਰੱਥ ਹੈ। ਹਾਲਾਂਕਿ ਇਸ ਸਬੰਧੀ ਅੰਦਰੂਨੀ ਪ੍ਰਣਾਲੀ ਨੂੰ ਸਮਝਾਉਣ ਲਈ ਅੱਗੇ ਦੇ ਅਧਿਐਨਾਂ ਦੀ ਲੋੜ ਹੈ।

ਇਹ ਵੀ ਪੜ੍ਹੋ : ਅਮਰੀਕਾ ਦੀ PNC ਬੈਂਕ ਕਰੇਗੀ ਸਟਾਫ ਦੀ ਤਨਖਾਹ 'ਚ ਵਾਧਾ

ਕੌਫੀ ਸਬੰਧੀ ਪੁਰਾਣੀ ਧਾਰਨਾ ਹੋਈ ਖਾਰਜ
ਖੋਜ ਦੇ ਸੀਨੀਅਰ ਲੇਖਕ ਡਾ. ਡੇਵਿਡ ਕਾਓ ਅਨੁਸਾਰ ਕੈਫੀਨ ਤੇ ਹਾਰਟ ਫੇਲਿਅਰ ਵਿਚ ਕਮੀ ਦਰਮਿਆਨ ਸਬੰਧ ਹੈਰਾਨ ਕਰਨ ਵਾਲਾ ਹੈ। ਕੌਫੀ ਤੇ ਕੈਫੀਨ ਨੂੰ ਅਕਸਰ ਆਮ ਲੋਕਾਂ ਵਲੋਂ ਦਿਲ ਲਈ ‘ਬੁਰਾ’ ਮੰਨਿਆ ਜਾਂਦਾ ਹੈ ਕਿਉਂਕਿ ਲੋਕ ਇਸ ਨੂੰ ਘਬਰਾਹਟ, ਹਾਈ ਬਲੱਡ ਪ੍ਰੈਸ਼ਰ ਆਦਿ ਨਾਲ ਜੋੜਦੇ ਹਨ। ਕੈਫੀਨ ਤੇ ਹਾਰਟ ਫੇਲਿਅਰ ਦੇ ਜੋਖਿਮ ਵਿਚ ਕਮੀ ਦਰਮਿਆਨ ਲਗਾਤਾਰ ਸਬੰਧ ਇਸ ਧਾਰਨਾ ਨੂੰ ਸਿਰੇ ਤੋਂ ਹੀ ਖਾਰਜ ਕਰ ਰਿਹਾ ਹੈ।

ਜ਼ਿਆਦਾਤਰ ਖੋਜ ਬਲੈਕ ਕੌਫੀ ’ਤੇ
ਖੋਜੀਆਂ ਨੇ ਸਲਾਹ ਦਿੱਤੀ ਹੈ ਕਿ ਕੌਫੀ ’ਤੇ ਜ਼ਿਆਦਾਤਰ ਅਧਿਐਨ ਬਲੈਕ ਕੌਫੀ ਪੀਣ ’ਤੇ ਹੀ ਕੀਤੇ ਜਾਂਦੇ ਹਨ। ਹਾਲਾਂਕਿ ਡੇਅਰੀ, ਸ਼ੱਕਰ, ਫਲੇਵਰ ਜਾਂ ਨਾਨ-ਡੇਅਰੀ ਕ੍ਰੀਮਰ ਜੋੜਨ ਨਾਲ ਬਹੁਤ ਜ਼ਿਆਦਾ ਕੈਲੋਰੀ, ਖੰਡ ਤੇ ਫੈਟ ਇਸ ਵਿਚ ਸ਼ਾਮਲ ਹੋ ਜਾਂਦੇ ਹਨ, ਜੋ ਕੌਫੀ ਦੇ ਦਿਲ ਲਈ ਫਾਇਦਿਆਂ ਨੂੰ ਘੱਟ ਕਰ ਸਕਦੇ ਹਨ।

ਇਹ ਵੀ ਪੜ੍ਹੋ :ਫਰਿਜ਼ਨੋ ਰੈੱਡ ਕਰਾਸ ਦੇ ਵਲੰਟੀਅਰ ਤੂਫ਼ਾਨ ਇਡਾ ਦੇ ਮੱਦੇਨਜ਼ਰ ਸਹਾਇਤਾ ਲਈ ਪਹੁੰਚੇ ਲੁਈਸਿਆਨਾ

ਇਹ ਵੀ ਹਨ ਫਾਇਦੇ
ਟਾਈਪ-2 ਡਾਇਬਟੀਜ਼ ਦਾ ਘੱਟ ਖਤਰਾ : ਅਧਿਐਨ ’ਚ ਇਹ ਵੀ ਪਤਾ ਲੱਗਾ ਹੈ ਕਿ ਦਰਮਿਆਨੀ ਮਾਤਰਾ ਵਿਚ ਕੌਫੀ ਦੀ ਵਰਤੋਂ ਬਾਲਗਾਂ ਵਿਚ ਟਾਈਪ-2 ਡਾਇਬਟੀਜ਼, ਲਿਵਰ ਸਬੰਧੀ ਬੀਮਾਰੀਆਂ, ਪ੍ਰੋਸਟੇਟ ਕੈਂਸਰ, ਅਲਜ਼ਾਈਮਰ ਤੇ ਪਿੱਠ ਦਰਦ ਤੋਂ ਛੁਟਕਾਰਾ ਦਿਵਾਉਂਦੀ ਹੈ। ਕੌਫੀ ਨਾਲ ਟਾਈਪ-2 ਡਾਇਬਟੀਜ਼ ਦਾ ਖਤਰਾ ਲਗਭਗ 25 ਫੀਸਦੀ ਘੱਟ ਹੋ ਜਾਂਦਾ ਹੈ।
ਭਾਰ ਘਟਾਉਣ ’ਚ ਮਦਦਗਾਰ : ਕੌਫੀ ਵਿਚ ਮੌਜੂਦ ਕੈਫੀਨ ਮੈਟਾਬੋਲਿਜ਼ਮ ਲਈ ਚੰਗੀ ਹੁੰਦੀ ਹੈ। ਇਸ ਨਾਲ ਸਰੀਰ ਵਿਚ ਪੈਦਾ ਹੋਣ ਵਾਲੀ ਗਰਮੀ ਮੋਟਾਪੇ ਨੂੰ ਘੱਟ ਕਰਨ ’ਚ ਮਦਦ ਕਰਦੀ ਹੈ।
ਤਣਾਅ ਕਰੇ ਦੂਰ : ਮਾਹਿਰਾਂ ਅਨੁਸਾਰ ਕੌਫੀ ਪੀਣ ਨਾਲ ਸਰੀਰ ਵਿਚ ਅਲਫਾ ਐਮੀਲੇਜ਼ (sAA) ਨਾਂ ਦੇ ਐਂਜਾਇਮ ’ਚ ਵਾਧਾ ਹੁੰਦਾ ਹੈ। ਕੈਫੀਨ ਦਾ ਇਹ ਗੁਣ ਤਣਾਅ ਦੂਰ ਕਰਨ ਵਿਚ ਮਦਦ ਕਰਦਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News