JEE Main: ਕੋਰੋਨਾ ਆਫ਼ਤ ਦਰਮਿਆਨ ਓਡੀਸ਼ਾ 'ਚ 3600 ਵਿਦਿਆਰਥੀਆਂ ਨੇ ਦਿੱਤੀ ਪ੍ਰੀਖਿਆ
Tuesday, Sep 01, 2020 - 06:40 PM (IST)
ਭੁਵਨੇਸ਼ਵਰ (ਭਾਸ਼ਾ)— ਕੋਰੋਨਾ ਆਫ਼ਤ ਪੂਰੇ ਦੇਸ਼ 'ਚ ਵੱਧਦੀ ਜਾ ਰਹੀ ਹੈ। ਓਡੀਸ਼ਾ ਵਿਚ ਕੋਰੋਨਾ ਵਾਇਰਸ (ਕੋਵਿਡ-19) ਦੇ ਸੁਰੱਖਿਆ ਦੇ ਸਖਤ ਨਿਯਮਾਂ ਦਰਮਿਆਨ ਮੰਗਲਵਾਰ ਯਾਨੀ ਕਿ ਅੱਜ 3600 ਵਿਦਿਆਰਥੀਆਂ ਨੇ ਮੁੱਖ ਸੰਯੁਕਤ ਪ੍ਰਵੇਸ਼ ਪ੍ਰੀਖਿਆ (ਜੇ. ਈ. ਈ. ਮੇਨ) 'ਚ ਹਿੱਸਾ ਲਿਆ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਬੇ ਦੇ 7 ਜ਼ਿਲ੍ਹਿਆਂ ਵਿਚ ਫੈਲੇ 26 ਵੱਖ-ਵੱਖ ਕੇਂਦਰਾਂ 'ਤੇ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਪ੍ਰੀਖਿਆ ਦੋ ਸ਼ਿਫਟਾਂ 'ਚ ਆਯੋਜਿਤ ਕੀਤੀ ਗਈ। ਪਹਿਲੀ ਸ਼ਿਫਟ ਵਿਚ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਅਤੇ ਦੂਜੀ ਸ਼ਿਫਟ 'ਚ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਪ੍ਰੀਖਿਆ ਆਯੋਜਿਤ ਕੀਤੀ ਗਈ। ਸੂਤਰਾਂ ਨੇ ਦੱਸਿਆ ਕਿ ਪ੍ਰੀਖਿਆ 6 ਸਤੰਬਰ ਤੱਕ ਚਲੇਗੀ ਅਤੇ ਸੂਬੇ ਵਿਚ 38,236 ਵਿਦਿਆਰਥੀ ਪ੍ਰੀਖਿਆ ਦੇਣਗੇ।
ਓਧਰ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਟਵਿੱਟਰ 'ਤੇ ਲਿਖਿਆ ਕਿ ਇਸ ਚੁਣੌਤੀਪੂਰਨ ਸਮੇਂ 'ਚ ਜੇ. ਈ. ਈ. ਮੇਨ 2020 ਦੀ ਪ੍ਰੀਖਿਆ ਵਿਚ ਹਾਜ਼ਰ ਹੋਣ ਵਾਲੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਸਫਲਤਾ ਦੇਣ। ਓਡੀਸ਼ਾ 'ਚ ਭੁਵਨੇਸ਼ਵਰ, ਕਟਕ, ਰਾਊਕੇਲਾ, ਢੇਂਕਨਾਲ, ਬਾਲਾਸੋਰ, ਬਰਹਾਮਪੁਰ ਅਤੇ ਸੰਭਲਪੁਰ ਵਿਚ 26 ਪ੍ਰੀਖਿਆ ਕੇਂਦਰਾਂ 'ਤੇ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ।
ਇਸ ਦੌਰਾਨ ਕੋਰੋਨਾ ਨਿਯਮਾਂ ਦਾ ਪੂਰਾ ਧਿਆਨ ਰੱਖਿਆ ਗਿਆ। ਪ੍ਰੀਖਿਆ ਭਵਨ 'ਚ ਐਂਟਰੀ ਕਰਨ ਤੋਂ ਪਹਿਲਾਂ ਵਿਦਿਆਰਥੀਆਂ ਦਾ ਤਾਪਮਾਨ ਚੈੱਕ ਕੀਤਾ ਗਿਆ ਅਤੇ ਵਿਦਿਆਰਥੀਆਂ ਨੇ ਸਮਾਜਿਕ ਦੂਰੀ ਦਾ ਧਿਆਨ ਰੱਖਿਆ। ਸੂਬਾ ਸਰਕਾਰ ਨੇ ਵਿਦਿਆਰਥੀਆਂ ਅਤੇ ਮਾਪਿਆਂ ਦੀ ਆਵਾਜਾਈ ਲਈ ਬੱਸਾਂ ਅਤੇ ਰਹਿਣ ਦੀ ਉੱਚਿਤ ਵਿਵਸਥਾ ਕੀਤੀ ਸੀ।