ਦਿੱਲੀ ’ਚ 262 ਕਰੋੜ ਦੀ ਸਾਈਬਰ-ਟੈਕਸ ਧੋਖਾਦੇਹੀ ਬੇਨਕਾਬ

12/13/2018 1:16:26 AM

ਨਵੀਂ ਦਿੱਲੀ– ਦਿੱਲੀ ਸਰਕਾਰ ਦੇ ਵਪਾਰ ਅਤੇ ਟੈਕਸ ਵਿਭਾਗ ਨੇ 262 ਕਰੋੜ ਰੁਪਏ ਦੀ ਸਾਈਬਰ-ਟੈਕਸ ਧੋਖਾਦੇਹੀ ਦਾ ਪਰਦਾਫਾਸ਼ ਕੀਤਾ ਹੈ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਬੁੱਧਵਾਰ ਕਿਹਾ ਕਿ ਇਸ ਧੋਖਾਦੇਹੀ ਵਿਚ 8758 ਵਪਾਰੀ ਸ਼ਾਮਲ ਸਨ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੁਝ ਸਾਈਬਰ ਅਪਰਾਧੀ ਦਿੱਲੀ ਸਰਕਾਰ ਅਤੇ ਬੈਂਕਾਂ ਨਾਲ ਸਬੰਧਤ ਵਿਭਾਗ ਦੇ ਆਈ. ਡੀ. ਪਾਸਵਰਡ ਚੋਰੀ ਕਰ ਕੇ 262 ਕਰੋੜ ਰੁਪਏ ਦਾ ਚੂਨਾ ਲਾ ਚੁੱਕੇ ਹਨ। ਇਹ ਧੋਖਾ ਪਿਛਲੇ 5 ਸਾਲ ਤੋਂ ਚੱਲ ਰਿਹਾ ਸੀ।
ਸਿਸੋਦੀਆ ਨੇ ਦੱਸਿਆ ਕਿ ਦਿੱਲੀ ਵਿਚ 27 ਬੈਂਕਾਂ ਰਾਹੀਂ ਟੈਕਸ ਜਮ੍ਹਾ ਕੀਤਾ ਜਾਂਦਾ ਹੈ। ਸਾਈਬਰ ਅਪਰਾਧੀਆਂ ਨੇ 13 ਬੈਂਕਾਂ ਅਤੇ ਸਬੰਧਤ ਵਿਭਾਗ ਦੇ ਆਈ. ਡੀ. ਪਾਸਵਰਡ ਚੋਰੀ ਕੀਤੇ ਅਤੇ 262 ਕਰੋੜ ਰੁਪਏ ਦਾ ਲੈਣ-ਦੇਣ ਵਿਖਾ ਦਿੱਤਾ। 3 ਮਹੀਨੇ ਪਹਿਲਾਂ ਇਸ ਬਾਰੇ ਜਾਣਕਾਰੀ ਮਿਲੀ। ਉਸ ਤੋਂ ਬਾਅਦ ਇਸ ’ਤੇ ਨਜ਼ਰ ਰੱਖਣੀ ਸ਼ੁਰੂ ਕੀਤੀ। ਸਿਸਟਮ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ। ਹੁਣ ਦਿੱਲੀ ਸਰਕਾਰ ਨੇ ਆਰਥਿਕ ਅਪਰਾਧ ਸ਼ਾਖਾ ਵਿਚ ਇਸ ਬਾਰੇ ਐੱਫ. ਆਈ. ਆਰ. ਦਰਜ ਕਰਵਾ ਦਿੱਤੀ ਹੈ। ਸਿਸੋਦੀਆ ਨੇ ਕਿਹਾ ਕਿ ਇਸ ਜਾਅਲਸਾਜ਼ੀ ਵਿਚ ਜੇ ਵਿਭਾਗ ਦੀ ਮਿਲੀਭੁਗਤ ਸ਼ਾਮਲ ਹੋਈ ਤਾਂ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ।


Inder Prajapati

Content Editor

Related News