ਵੱਖ-ਵੱਖ ਦੇਸ਼ਾਂ ਤੋਂ 251 ਪ੍ਰਾਚੀਨ ਕਲਾਕ੍ਰਿਤੀਆਂ ਭਾਰਤ ਲਿਆਂਦੀਆਂ ਗਈਆਂ ਵਾਪਸ
Wednesday, Apr 26, 2023 - 02:50 PM (IST)
ਨਵੀਂ ਦਿੱਲੀ (ਭਾਸ਼ਾ)- ਵੱਖ-ਵੱਖ ਦੇਸ਼ਾਂ ਤੋਂ ਹੁਣ ਤੱਕ 250 ਤੋਂ ਵੱਧ ਪ੍ਰਾਚੀਨ ਕਲਾਕ੍ਰਿਤੀਆਂ ਨੂੰ ਭਾਰਤ ਵਾਪਸ ਲਿਆਉਣ 'ਚ ਸਫ਼ਲਤਾ ਮਿਲੀ ਹੈ। ਇਨ੍ਹਾਂ 'ਚੋਂ 238 ਕਲਾਕ੍ਰਿਤੀਆਂ 2014 ਦੇ ਬਾਅਦ ਤੋਂ ਵਾਪਸ ਲਿਆਂਦੀਆਂ ਗਈਆਂ ਹਨ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਚੋਲ ਵੰਸ਼ ਦੇ ਕਾਲ ਦੀ ਭਗਵਾਨ ਹਨੂੰਮਾਨ ਦੀ ਇਕ ਪ੍ਰਾਚੀਨ ਮੂਰਤੀ ਵਿਦੇਸ਼ 'ਚ ਮਿਲੀ ਸੀ। ਹਾਲ ਹੀ 'ਚ ਉਸ ਨੂੰ ਭਾਰਤ ਲਿਆਂਦਾ ਗਿਆ ਹੈ। ਇਸ ਮੂਰਤੀ ਨੂੰ ਤਾਮਿਲਨਾਡੂ 'ਚ ਇਕ ਮੰਦਰ ਤੋਂ ਚੋਰੀ ਕੀਤਾ ਗਿਆ ਸੀ।
ਕੇਂਦਰੀ ਸੰਸਕ੍ਰਿਤੀ ਮੰਤਰਾਲਾ ਦੇ ਅਧਿਕਾਰੀ ਨੇ ਦੱਸਿਆ ਕਿ ਭਾਰਤ ਸਰਕਾਰ ਦੇਸ਼ ਦੀ ਪੁਰਾਤਨ ਵਿਰਾਸਤ ਨੂੰ ਸੁਰੱਖਿਅਤ ਕਰਨ ਦੀ ਦਿਸ਼ਾ 'ਚ ਕੰਮ ਕਰ ਰਹੀ ਹੈ ਅਤੇ ਉਹ ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਲਿਜਾਈਆਂ ਗਈਆਂ ਪ੍ਰਾਚੀਨ ਕਲਾਕ੍ਰਿਤੀਆਂ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ 'ਚ ਜੁਟੀ ਹੋਈ ਹੈ। ਉਨ੍ਹਾਂ ਕਿਹਾ,''ਹੁਣ ਤੱਕ ਵੱਖ-ਵੱਖ ਦੇਸ਼ਾਂ ਤੋਂ 251 ਕਲਾਕ੍ਰਿਤੀਆਂ ਵਾਪਸ ਲਿਆਂਦੀਆਂ ਗਈਆਂ ਹਨ। ਇਨ੍ਹਾਂ 'ਚੋਂ 238 ਨੂੰ 2014 ਦੇ ਬਾਅਦ ਤੋਂ ਵਾਪਸ ਲਿਆਂਦਾ ਗਿਆ ਹੈ।'' ਅਧਿਕਾਰੀਆਂ ਨੇ ਦੱਸਿਆ ਕਿ ਭਗਵਾਨ ਹਨੂੰਮਾਨ ਦੀ ਮੂਰਤੀ ਤਾਮਿਲਨਾਡੂ ਦੇ ਅਰਿਆਲੁਰ ਜ਼ਿਲ੍ਹੇ ਦੇ ਪੋਟਾਵੇਲੀ ਵੇਲੂਰ ਇਲਾਕੇ 'ਚ ਇਕ ਵਿਸ਼ਨੂੰ ਮੰਦਰ ਸ਼੍ਰਈ ਵਰਥਰਾਜਾ ਪੇਰੂਮਲ ਤੋਂ ਚੋਰੀ ਕੀਤੀ ਗਈ ਸੀ। ਇਹ ਚੋਲ ਵੰਸ਼ (14ਵੀਂ-15ਵੀਂ ਸਦੀ) ਦੇ ਸਮੇਂ ਦੀ ਹੈ। ਅਧਿਕਾਰੀ ਨੇ ਕਿਹਾ,''ਇਹ ਮੂਰਤੀ ਕੈਨਬਰਾ (ਆਸਟ੍ਰੇਲੀਆ) 'ਚ ਭਾਰਤ ਦੇ ਹਾਈ ਕਮਿਸ਼ਨਰ ਨੂੰ ਸੌਂਪੀ ਗਈ।'' ਉਨ੍ਹਾਂ ਦੱਸਿਆ ਕਿ ਇਹ ਮੂਰਤੀ ਫਰਵਰੀ ਦੇ ਆਖ਼ਰੀ ਹਫ਼ਤੇ ਭਾਰਤ ਨੂੰ ਵਾਪਸ ਭੇਜੀ ਗਈ ਅਤੇ ਇਸ ਨੂੰ 18 ਅਪ੍ਰੈਲ ਨੂੰ ਤਾਮਿਲਨਾਡੂ ਮੂਰਤੀ ਸ਼ਾਖਾ ਨੂੰ ਸੌਂਪ ਦਿੱਤਾ ਗਿਆ।