ਡੁੱਬ ਜਾਣਗੇ 250 ਪਿੰਡ, 5 ਲੱਖ ਤੋਂ ਜ਼ਿਆਦਾ ਪਰਿਵਾਰ ਹੋਣਗੇ ਬੇਘਰ
Monday, Sep 18, 2017 - 03:16 AM (IST)
ਨਵੀਂ ਦਿੱਲੀ - ਦੇਸ਼ ਦੇ ਸਭ ਤੋਂ ਵੱਡੇ ਸਰਦਾਰ ਸਰੋਵਰ ਡੈਮ ਨਾਲ ਵਿਵਾਦਾਂ ਦਾ ਵੀ ਗੂੜ੍ਹਾ ਨਾਤਾ ਹੈ ਅਤੇ ਇਸ ਦੇ ਪਿੱਛੇ ਹਜ਼ਾਰਾਂ ਲੋਕ ਹਨ, ਜਿਨ੍ਹਾਂ ਦੇ ਪਿੰਡਾਂ ਦੀ ਹੋਂਦ ਇਸ ਡੈਮ ਵਿਚ ਹਮੇਸ਼ਾ ਲਈ ਗੁੰਮ ਹੋ ਜਾਵੇਗੀ। ਡੈਮ ਦੇ 30 ਦਰਵਾਜ਼ੇ ਖੁੱਲ੍ਹਦੇ ਸਾਰ ਹੀ ਮੱਧ ਪ੍ਰਦੇਸ਼ ਦੇ 192, ਮਹਾਰਾਸ਼ਟਰ ਦੇ 33 ਅਤੇ ਗੁਜਰਾਤ ਦੇ 25 ਪਿੰਡ ਨਕਸ਼ੇ ਤੋਂ ਮਿਟ ਜਾਣਗੇ। ਅਦਾਲਤ ਅਤੇ ਸਿਆਸੀ ਵਿਵਾਦਾਂ ਵਿਚੋਂ ਲੰਘ ਕੇ ਮੁਕਾਮ ਤੱਕ ਪੁੱਜੇ ਸਰਦਾਰ ਸਰੋਵਰ ਡੈਮ ਨੂੰ ਪੀ. ਐੱਮ. ਮੋਦੀ ਨੇ ਆਪਣੇ ਜਨਮ ਦਿਨ 'ਤੇ ਜਨਤਾ ਨੂੰ ਸਮਰਪਿਤ ਕਰ ਰਹੇ ਹਨ। ਦੇਸ਼ ਦੇ ਇਸ ਸਭ ਤੋਂ ਉੱਚੇ ਡੈਮ ਦਾ ਪਹਿਲਾ ਪੰਨਾ ਸਵਾਗਤ ਤੇ ਵਿਰੋਧ ਦੇ ਦੋ ਸੁਰਾਂ ਨਾਲ ਹੀ ਲਿਖਿਆ ਜਾ ਰਿਹਾ ਹੈ। ਅੰਦਾਜ਼ੇ ਮੁਤਾਬਕ 5 ਲੱਖ ਤੋਂ ਜ਼ਿਆਦਾ ਪਰਿਵਾਰਾਂ ਨੂੰ ਆਪਣੇ ਘਰ ਛੱਡਣੇ ਪੈਣਗੇ।
ਮੱਧ ਪ੍ਰਦੇਸ਼ ਦੇ ਦੋ ਜ਼ਿਲਿਆਂ ਵਿਚ ਇਸ ਡੈਮ ਦੇ ਪਿੱਛੇ ਇਕੱਠੇ ਪਾਣੀ ਦਾ ਪੱਧਰ 128 ਮੀਟਰ ਤੋਂ ਪਾਰ ਪਹੁੰਚਣ ਨਾਲ ਹੇਠਲੇ ਇਲਾਕਿਆਂ ਵਿਚ ਪਾਣੀ ਭਰ ਗਿਆ ਅਤੇ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ।
