ਕਸ਼ਮੀਰ ’ਚ ਸੈਲਾਨੀਆਂ ਦੀ ਆਮਦ ਨੇ ਤੋੜੇ ਰਿਕਾਰਡ, ਇਸ ਸਾਲ 2 ਕਰੋੜ ਲੋਕਾਂ ਦੇ ਆਉਣ ਦੀ ਉਮੀਦ

Friday, Jul 21, 2023 - 11:26 AM (IST)

ਕਸ਼ਮੀਰ ’ਚ ਸੈਲਾਨੀਆਂ ਦੀ ਆਮਦ ਨੇ ਤੋੜੇ ਰਿਕਾਰਡ, ਇਸ ਸਾਲ 2 ਕਰੋੜ ਲੋਕਾਂ ਦੇ ਆਉਣ ਦੀ ਉਮੀਦ

ਜੰਮੂ ਕਸ਼ਮੀਰ/ਜਲੰਧਰ- ਧਾਰਾ 370 ਹਟਣ ਤੋਂ ਬਾਅਦ ਜੰਮੂ ਅਤੇ ਕਸ਼ਮੀਰ ਦੇ ਹਾਲਾਤ ’ਚ ਕਾਫੀ ਬਦਲਾਅ ਆਏ ਹਨ। ਘਾਟੀ ’ਚ ਸੈਲਾਨੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਅੱਤਵਾਦ ਕਾਰਨ ਜਿੱਥੇ ਉੱਤਰ-ਪੂਰਬੀ ਸੂਬਿਆਂ ਦੇ ਸੈਲਾਨੀਆਂ ਨੇ ਕਸ਼ਮੀਰ ਵੱਲ ਰੁਖ ਕਰਨਾ ਬੰਦ ਕਰ ਦਿੱਤਾ ਸੀ, ਉੱਥੇ ਹੀ ਹੁਣ ਇਨ੍ਹਾਂ ਸੂਬਿਆਂ ਤੋਂ ਤਕਰੀਬਨ 25 ਹਜ਼ਾਰ ਸੈਲਾਨੀਆਂ ਨੇ ਕਸ਼ਮੀਰ ਦਾ ਦੌਰਾ ਕੀਤਾ ਹੈ। ਇਨ੍ਹਾਂ ’ਚੋਂ ਜ਼ਿਆਦਾਤਰ ਸੈਲਾਨੀ ਆਸਾਮ ਨਾਲ ਸਬੰਧਤ ਹਨ। ਸੈਰ-ਸਪਾਟਾ ਵਿਭਾਗ ਦੇ ਅੰਕੜਿਆਂ ਮੁਤਾਬਕ ਜੰਮੂ-ਕਸ਼ਮੀਰ ’ਚ 2022 ’ਚ 1.88 ਕਰੋੜ ਸੈਲਾਨੀ ਆਏ ਅਤੇ ਅੰਦਾਜ਼ਾ ਹੈ ਕਿ ਇਹ ਅੰਕੜਾ ਇਸ ਸਾਲ 2 ਕਰੋੜ ਨੂੰ ਪਾਰ ਕਰ ਜਾਵੇਗਾ। ਸੈਲਾਨੀਆਂ ਦੀ ਆਮਦ ਨੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ।

ਅੱਤਵਾਦ ਕਾਰਨ ਬੰਦ ਹੋ ਗਈ ਸੀ ਆਮਦ

ਉੱਤਰ-ਪੂਰਬੀ ਸੂਬਿਆਂ ਦੇ ਸੈਲਾਨੀਆਂ ਦਾ ਕਹਿਣਾ ਹੈ ਕਿ ਅੱਤਵਾਦ ਕਾਰਨ ਉਹ ਕਈ ਦਹਾਕਿਆਂ ਤਕ ਘਾਟੀ ’ਚ ਘੁੰਮਣ ਨਹੀਂ ਆ ਸਕੇ ਪਰ ਧਾਰਾ 370 ਹਟਣ ਤੋਂ ਬਾਅਦ ਹਾਲਾਤ ਬਿਲਕੁਲ ਸੁਧਰ ਗਏ ਹਨ। ਸ਼੍ਰੀਨਗਰ ’ਚ ਗੁਹਾਟੀ ਤੋਂ ਘੁੰਮਣ ਆਏ ਈਵੈਂਟ ਮੈਨੇਜਰ ਬਿਨਾਏ ਦਾਸ ਦੇ ਹਵਾਲੇ ਨਾਲ ਇਕ ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਉਹ ਆਪਣੇ ਪਰਿਵਾਰ ਨਾਲ ਜੰਮੂ-ਕਸ਼ਮੀਰ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਘਾਟੀ ’ਚ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਵੱਖਰਾ ਮਹਿਸੂਸ ਹੁੰਦਾ ਹੈ। ਬਿਨਾਏ ਅਤੇ ਉਨ੍ਹਾਂ ਦੇ ਪਰਿਵਾਰ ਨੇ ਦੇਸ਼ ਦੇ ਸਭ ਤੋਂ ਮਹੱਤਵਪੂਰਨ ਹਿੰਦੂ ਤੀਰਥ ਅਸਥਾਨਾਂ ’ਚੋਂ ਇਕ ਵੈਸ਼ਣੋ ਦੇਵੀ ਮੰਦਰ ਦਾ ਵੀ ਦੌਰਾ ਵੀ ਕੀਤਾ ਹੈ।

ਸੁਰੱਖਿਆ ਦੀ ਭਾਵਨਾ ਨਾਲ ਯਾਤਰਾ

ਬਿਨਾਏ ਦਾਸ ਦਾ ਕਹਿਣਾ ਹੈ ਕਿ ਘਾਟੀ ’ਚ ਹੁਣ ਪੂਰੀ ਤਰ੍ਹਾਂ ਸ਼ਾਂਤੀ ਹੈ। ਸੈਲਾਨੀ ਸੁਰੱਖਿਆ ਦੀ ਭਾਵਨਾ ਨਾਲ ਇੱਥੋਂ ਦੇ ਟੂਰਿਸਟ ਸਥਾਨਾਂ ਦਾ ਦੌਰਾ ਕਰ ਰਹੇ ਹਨ। ਪੂਰਬੀ ਆਸਾਮ ਦੇ ਸ਼ਿਵਸਾਗਰ ਦੀ ਰਹਿਣ ਵਾਲੀ ਸ਼ਾਹੀਨ ਅਖਤਰ ਹਰ 10 ਸਾਲਾਂ ’ਚ ਇਕ ਵਾਰ ਕਸ਼ਮੀਰ ਜਾਂਦੀ ਹੈ। ਸ਼ਾਹੀਨ ਦਾ ਕਹਿਣਾ ਹੈ ਕਿ ਇਹ ਮੇਰੀ ਕਸ਼ਮੀਰ ਦੀ ਤੀਜੀ ਯਾਤਰਾ ਹੈ। ਮੇਰੀ ਪਹਿਲੀ ਯਾਤਰਾ 2004 ’ਤੇ ਫਿਰ 2013 ’ਚ ਹੋਈ ਸੀ। ਇਸ ਵਾਰ ਮੈਂ ਆਪਣੇ ਪੂਰੇ ਪਰਿਵਾਰ ਨਾਲ ਇੱਥੇ ਹਾਂ। ਕਸ਼ਮੀਰ ਹਮੇਸ਼ਾ ਆਕਰਸ਼ਿਤ ਕਰਦਾ ਹੈ ਅਤੇ ਜਦੋਂ ਵੀ ਤੁਸੀਂ ਇਸ ਖੂਬਸੂਰਤ ਘਾਟੀ ਨੂੰ ਛੱਡਦੇ ਹੋ ਤਾਂ ਤੁਸੀਂ ਫਿਰ ਤੋਂ ਇੱਥੇ ਆਉਣਾ ਚਾਹੁੰਦੇ ਹੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News