ਜਨਮ ਅਸ਼ਟਮੀ ''ਤੇ ਦਹੀਂ ਹਾਂਡੀ ਉਤਸਵ ਦੌਰਾਨ ਵਾਪਰਿਆ ਹਾਦਸਾ, 245 ''ਗੋਵਿੰਦਾ'' ਜ਼ਖ਼ਮੀ
Wednesday, Aug 28, 2024 - 12:47 PM (IST)
ਮੁੰਬਈ- ਮੁੰਬਈ 'ਚ ਜਨਮ ਅਸ਼ਟਮੀ ਮੌਕੇ ਦਹੀਂ ਹਾਂਡੀ ਉਤਸਤ ਤਹਿਤ ਮਨੁੱਖੀ ਪਿਰਾਮਿਡ ਬਣਾਉਣ 'ਚ ਸ਼ਾਮਲ ਕੁੱਲ 245 'ਗੋਵਿੰਦਾ' ਜ਼ਖ਼ਮੀ ਹੋ ਗਏ। ਸਥਾਨਕ ਬਾਡੀਜ਼ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਜ਼ਖ਼ਮੀਆਂ ਵਿਚੋਂ 32 ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ ਹਨ, ਜਦਕਿ 213 ਨੂੰ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ। ਦਰਅਸਲ ਜਨਮ ਅਸ਼ਟਮੀ ਤਹਿਤ ਦਹੀਂ ਹਾਂਡੀ ਉਤਸਵ ਵਿਚ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਮੁੰਬਈ ਅਤੇ ਸੂਬੇ ਦੇ ਹੋਰ ਹਿੱਸਿਆਂ ਵਿਚ ਇਹ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ।
ਉਤਸਵ ਤਹਿਤ ਦਹੀਂ ਹਾਂਡੀ ਦੇ ਪ੍ਰਤੀਯੋਗੀ ਬਹੁ-ਪੱਧਰੀ ਮਨੁੱਖੀ ਪਿਰਾਮਿਡ ਬਣਾਉਂਦੇ ਹਨ ਅਤੇ ਹਵਾ ਵਿਚ ਲਟਕੀ ਦਹੀਂ ਹਾਂਡੀ ਨੂੰ ਤੋੜਦੇ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਉਤਸਵ ਦੌਰਾਨ ਜ਼ਖ਼ਮੀ ਹੋਏ 11 ਗੋਵਿੰਦਾ ਨੂੰ ਬ੍ਰਹਨਮੁੰਬਈ ਮਹਾਨਗਰ ਪਾਲਿਕਾ ਵਲੋਂ ਸੰਚਾਲਿਤ ਕੇ. ਈ. ਐੱਮ. ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਹੋਰ ਜ਼ਖ਼ਮੀ ਗੋਵਿੰਦਾ ਨੂੰ ਦੱਖਣੀ ਮੁੰਬਈ ਵਿਚ ਸਰਕਾਰੀ ਸੈਂਟ ਜਾਰਜ ਹਸਪਤਾਲ, ਜੋਗੇਸ਼ਵਰੀ ਵਿਚ ਸਰਕਾਰੀ ਟਰਾਮਾ ਕੇਅਰ ਹਸਪਤਾਲ ਅਤੇ ਹੋਰ ਡਾਕਟਰੀ ਸੰਸਥਾਵਾਂ ਵਿਚ ਦਾਖ਼ਲ ਕਰਵਾਇਆ ਗਿਆ। ਉਤਸਵ ਦੌਰਾਨ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਬਣਾ ਕੇ ਰੱਖਣ ਲਈ ਸ਼ਹਿਰ ਵਿਚ 11,000 ਤੋਂ ਵਧੇਰੇ ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਸੀ।