ਟੈਟੂ ਦੀ ਮਦਦ ਨਾਲ 24 ਸਾਲ ਬਾਅਦ ਮਾਂ ਨੂੰ ਮਿਲਿਆ ਬੇਟਾ, ਬਣੇਗੀ ਫਿਲਮ

Sunday, Mar 25, 2018 - 10:22 AM (IST)

ਮੁੰਬਈ— ਆਪਣੀ ਮਾਂ ਤੋਂ ਵਿਛੜਨ ਦੇ 24 ਸਾਲ ਬਾਅਦ ਉਨ੍ਹਾਂ ਨੂੰ ਮਿਲਣ ਵਾਲੇ ਕਾਂਸਟੇਬਲ ਦੀ ਕਹਾਣੀ ਬਾਲੀਵੁੱਡ ਫਿਲਮਾਂ ਦੇ ਬਾਕਸ ਆਫਿਸ 'ਤੇ ਅਜਮਾਏ ਗਏ ਫਾਰਮੂਲੇ 'ਲਾਸਟ ਐਂਡ ਫਾਊਂਡ' ਦੀ ਜਿਉਂਦੀ-ਜਾਗਦੀ ਮਿਸਾਲ ਹੈ। ਕਾਂਸਟੇਬਲ ਦੀ ਕਹਾਣੀ 'ਤੇ ਮਰਾਠੀ ਫਿਲਮ ਨਿਰਦੇਸ਼ਕ ਗਿਰੀਸ਼ ਮੋਹਿਤੇ ਨੇ 'ਲਾਲ ਬੱਤੀ' ਨਾਂ ਨਾਲ ਫਿਲਮ ਬਣਾਉਣ ਦਾ ਫੈਸਲਾ ਕੀਤਾ ਹੈ। ਇਹ ਫਿਲਮ ਇਸੇ ਸਾਲ ਰਿਲੀਜ਼ ਹੋਵੇਗੀ। ਇਸ 'ਚ ਕਾਂਸਟੇਬਲ ਗਣੇਸ਼ ਧਾਂਗੜੇ ਦਾ ਰੋਲ ਵੀ ਤੇਜਸ ਨਿਭਾਉਣਗੇ, ਜਦੋਂ ਕਿ ਉਨ੍ਹਾਂ ਦੀ ਮਾਂ ਦੀ ਤਲਾਸ਼ ਕਰਨ 'ਚ ਮੁੱਖ ਭੂਮਿਕਾ ਨਿਭਾਉਣ ਵਾਲੇ ਸੀਨੀਅਰ ਇੰਸਪੈਕਟਰ ਸ਼੍ਰੀਕਾਂਤ ਦਾ ਰੋਲ ਮੰਗੇਸ਼ ਦੇਸਾਈ ਕਰਨਗੇ। ਜ਼ਿਕਰਯੋਗ ਹੈ ਕਿ ਵੱਡੇ ਹੋ ਕੇ ਕਾਂਸਟੇਬਲ ਬਣਨ ਵਾਲੇ ਗਣੇਸ਼ ਬਚਪਨ 'ਚ 6 ਸਾਲ ਦੀ ਉਮਰ 'ਚ ਟਰੇਨ 'ਚ ਆਪਣੇ ਦੋਸਤਾਂ ਤੋਂ ਵਿਛੜ ਗਏ ਸਨ। ਉਨ੍ਹਾਂ ਨੇ ਕਈ ਸਾਲ ਮੁੰਬਈ ਦੇ ਅਨਾਥ ਆਸ਼ਰਮ 'ਚ ਬਿਤਾਏ।
ਸਾਲ 2013 'ਚ ਪਰਿਵਾਰ ਮਿਲਿਆ
ਆਖਰਕਾਰ ਕਾਂਸਟੇਬਲ ਨੂੰ ਬਾਂਹ 'ਤੇ ਬਣੇ ਟੈਟੂ ਅਤੇ ਇਕ ਦਰਗਾਹ ਦੇ ਨਾਂ ਕਾਰਨ 2013 'ਚ ਆਪਣੇ ਪਰਿਵਾਰ ਨੂੰ ਤਲਾਸ਼ ਕਰਨ 'ਚ ਸਫ਼ਲਤਾ ਮਿਲੀ। 1989 'ਚ ਧਾਂਗੜੇ, ਜੋ ਠਾਣੇ ਦੇ ਇਕ ਸਕੂਲ 'ਚ ਪੜ੍ਹਦੇ ਸਨ ਨੇ ਆਪਣੇ ਦੋਸਤ ਦੇ ਰਿਸ਼ਤੇਦਾਰ ਦੇ ਘਰ ਮੁੰਬਈ ਜਾਣ ਲਈ ਸਕੂਲ ਬੰਕ ਕੀਤਾ ਸੀ ਪਰ ਉਹ ਲੋਕਲ ਟਰੇਨ 'ਚ ਭੀੜ ਕਾਰਨ ਆਪਣੇ ਦੋਸਤਾਂ ਤੋਂ ਵਿਛੜ ਗਏ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਹੋਸ਼ ਸੰਭਾਲਿਆ ਤਾਂ ਮੁੰਬਈ 'ਚ ਉਨਾਂ ਨੂੰ ਖਾਣਾ ਖਾਣ ਲਈ ਕੁਝ ਸਮੇਂ ਤੱਕ ਭੀਖ ਵੀ ਮੰਗਣੀ ਪਈ। ਬਾਅਦ 'ਚ ਦੁਬਾਰਾ ਬੇਸਹਾਰਾ ਹੋਣ ਕਾਰਨ ਵਰਲੀ ਦੇ ਆਨੰਦ ਆਸ਼ਰਮ 'ਚ ਭੇਜਿਆ ਗਿਆ, ਜਿੱਥੇ ਉਨ੍ਹਾਂ ਨੇ 7ਵੀਂ ਜਮਾਤ ਤੱਕ ਪੜ੍ਹਾਈ ਕੀਤੀ। 7ਵੀਂ ਤੋਂ ਬਾਅਦ ਉਨ੍ਹਾਂ ਨੂੰ ਅਨਾਥ ਆਸ਼ਰਮ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਉਹ ਠਾਣੇ ਦੇ ਸੰਕੇਤ ਸਕੂਲ ਅਤੇ ਜੂਨੀਅਰ ਸਕੂਲ 'ਚ 12ਵੀਂ ਜਮਾਤ ਤੱਕ ਪੜ੍ਹੇ। ਪੜ੍ਹਾਈ 'ਚ ਹੁਸ਼ਿਆਰ ਹੋਣ ਕਾਰਨ ਉਨ੍ਹਾਂ ਨੂੰ ਮਹਾਰਾਸ਼ਟਰ ਸਰਕਾਰ ਤੋਂ ਪੜ੍ਹਾਈ 'ਚ ਮਦਦ ਮੁਹੱਈਆ ਕਰਵਾਈ ਗਈ ਅਤੇ ਪ੍ਰੀਖਿਆ ਦੇ ਕੇ ਉਹ ਪੁਲਸ 'ਚ ਆ ਗਏ।


Related News