2020 ਤੋਂ ਹੁਣ ਤੱਕ ਪਾਕਿਸਤਾਨ ’ਚ ਮਾਰੇ ਜਾ ਚੁਕੇ ਹਨ 22 ਅੱਤਵਾਦੀ

Wednesday, May 21, 2025 - 11:52 PM (IST)

2020 ਤੋਂ ਹੁਣ ਤੱਕ ਪਾਕਿਸਤਾਨ ’ਚ ਮਾਰੇ ਜਾ ਚੁਕੇ ਹਨ 22 ਅੱਤਵਾਦੀ

ਨੈਸ਼ਨਲ ਡੈਸਕ- ਐਤਵਾਰ ਪਾਕਿਸਤਾਨ ਦੇ ਸਿੰਧ ਸੂਬੇ ’ਚ ਲਸ਼ਕਰ-ਏ-ਤੋਇਬਾ ਦੇ ਇਕ ਚੋਟੀ ਦੇ ਅੱਤਵਾਦੀ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁੱਖ ਦਫਤਰ ’ਤੇ 2006 ’ਚ ਹੋਏ ਹਮਲੇ ਦੇ ਮਾਸਟਰਮਾਈਂਡ ਅਬੂ ਸੈਫੁੱਲਾ ਖਾਲਿਦ ਦੀ ਹੋਈ ਹੱਤਿਆ ਨੂੰ ਮੋਦੀ ਸਰਕਾਰ ਦੀ ਸਰਗਰਮ ਨੀਤੀ ਦੇ ਨਤੀਜੇ ਵਜੋਂ ਵੇਖਿਆ ਜਾ ਰਿਹਾ ਹੈ। ਉਸ ਨੂੰ ਰਜ਼ਾਉੱਲਾ ਨਿਜ਼ਾਮਨੀ ਖਾਲਿਦ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ।

ਸੁਰੱਖਿਆ ਤੇ ਖੁਫੀਆ ਏਜੰਸੀਆਂ ਦੇ ਉੱਚ ਪੱਧਰੀ ਸੂਤਰਾਂ ਅਨੁਸਾਰ ਲਗਭਗ 30 ਸਾਲਾਂ ਬਾਅਦ ਪਾਕਿਸਤਾਨੀ ਧਰਤੀ ਤੋਂ ਕੰਮ ਕਰ ਰਹੇ ਅੱਤਵਾਦੀਆਂ ਨਾਲ ਨਜਿੱਠਣ ਦੀ ਨੀਤੀ ’ਚ ਤਬਦੀਲੀ ਆਈ ਹੈ।

1989 ਤੋਂ ਬਾਅਦ ਦੀਆਂ ਸਰਕਾਰਾਂ ਨੇ ਪਾਕਿਸਤਾਨੀ ਧਰਤੀ ਤੋਂ ਲਗਾਤਾਰ ਪੈਦਾ ਹੋਣ ਵਾਲੇ ਅੱਤਵਾਦ ਦੇ ਖ਼ਤਰੇ ਨਾਲ ਨਜਿੱਠਣ ਲਈ ਕੋਈ ਕਾਰਵਾਈ ਨਹੀਂ ਕੀਤੀ। ਸੈਫੁੱਲਾ ਦੀ ਹੱਤਿਆ ਤੋਂ ਪਹਿਲਾਂ ਭਾਰਤ ਦੇ ਸਭ ਤੋਂ ਵੱਧ ਲੋੜੀਂਦੇ ਅੱਤਵਾਦੀ ਅਬੂ ਕਤਾਲ ਜੋ ਹਾਫਿਜ਼ ਸਈਦ ਦਾ ਕਰੀਬੀ ਸਾਥੀ ਮੰਨਿਆ ਜਾਂਦਾ ਸੀ, ਨੂੰ ਇਸ ਸਾਲ 16 ਮਾਰਚ ਨੂੰ ਪਾਕਿਸਤਾਨ ’ਚ ਇਕ ਅਣਪਛਾਤੇ ਹਮਲਾਵਰ ਨੇ ਕਤਲ ਕਰ ਦਿੱਤਾ ਸੀ।

2020 ਤੋਂ ਲੈ ਕੇ ਹੁਣ ਤੱਕ ਪਾਕਿਸਤਾਨ ’ਚ ਅਜਿਹੀਆਂ 22 ਨਿਸ਼ਾਨਾ ਬਣਾ ਕੇ ਹੱਤਿਆਵਾਂ ਹੋਈਆਂ ਹਨ । ਇਨ੍ਹਾਂ ਲਈ ਭਾਰਤੀ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। 24 ਅਪ੍ਰੈਲ ਨੂੰ ਪਟਨਾ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਬਿਆਨ ਦਿੱਤਾ ਸੀ ਕਿ ਹਰ ਅੱਤਵਾਦੀ ਭਾਵੇਂ ਉਹ ਕਿਤੇ ਵੀ ਹੋਵੇ , ਨੂੰ ਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਭਾਰਤ ਸਜ਼ਾ ਦੇਵੇਗਾ। ਇਹ ਬਿਆਨ ਅਜਿਹੀ ਹੀ ਸਰਗਰਮ ਪਹੁੰਚ ਨੂੰ ਦਰਸਾਉਂਦਾ ਹੈ।

ਰਿਪੋਰਟਾਂ ਅਨੁਸਾਰ 2019 ’ਚ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨੀ ਧਰਤੀ ਤੋਂ ਆਉਣ ਵਾਲੇ ਅੱਤਵਾਦੀਆਂ ਵੱਲੋਂ ਅਜਿਹੀਆਂ ਨਿਸ਼ਾਨਾ ਬਣਾ ਕੇ ਕੀਤੀਆਂ ਜਾਣ ਵਾਲੀਆਂ ਹੱਤਿਆਵਾਂ ’ਚ ਵਾਧਾ ਹੋਇਆ ਹੈ।

ਨਿਸ਼ਾਨਾ ਬਣਾ ਕੇ ਕੀਤੇ ਜਾਣ ਵਾਲੇ ਇਹ ਕਤਲ ਅਫਗਾਨ, ਬਲੋਚਿਸਤਾਨ ਅਤੇ ਸਿੰਧ ਸੂਬਿਆਂ ਦੇ ਸਥਾਨਕ ਅਪਰਾਧੀਆਂ ਜਾਂ ਵਿਰੋਧੀਆਂ ਨੂੰ ਨੌਕਰੀ ’ਤੇ ਰੱਖ ਕੇ ਪਾਕਿਸਤਾਨ ਅੰਦਰ ਕੀਤੇ ਜਾਂਦੇ ਹਨ।

ਸੈਫੁੱਲਾ ਤੋਂ ਪਹਿਲਾਂ ਜੰਮੂ-ਕਸ਼ਮੀਰ ਚ ਸਰਗਰਮ ਅੱਤਵਾਦੀਆਂ ਨੂੰ ਵਿੱਤੀ ਮਦਦ ਦੇਣ ਵਾਲੇ ਇਕ ਹੋਰ ਮੁੱਖ ਸੰਚਾਲਕ ਮੁਹੰਮਦ ਰਿਆਜ਼ ਅਹਿਮਦ ਨੂੰ ਸਤੰਬਰ 2023 ’ਚ ਪੀ. ਓ. ਕੇ. ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਇਕ ਮਸਜਿਦ ’ਚ ਨਮਾਜ਼ ਅਦਾ ਕਰਦੇ ਸਮੇਂ ਗੋਲੀ ਮਾਰ ਦਿੱਤੀ ਗਈ ਸੀ।

ਪੱਛਮੀ ਮੀਡੀਆ ਦੀ ਇਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਫਰਵਰੀ 2023 ’ਚ ਪਾਕਿਸਤਾਨ ’ਚ ਸਈਦ ਖਾਲਿਦ ਰਜ਼ਾ ਨਾਂ ਦਾ ਇਕ ਅੱਤਵਾਦੀ ਮਾਰਿਆ ਗਿਆ ਸੀ। ਇਸੇ ਤਰ੍ਹਾਂ 2016 ਚ ਭਾਰਤੀ ਹਵਾਈ ਫੌਜ ਦੇ ਸਟੇਸ਼ਨ ’ਤੇ ਹਮਲਾ ਕਰਨ ਵਾਲੇ ਸ਼ਾਹਿਦ ਲਤੀਫ ਦਾ ਵੀ ਇਹੀ ਹਾਲ ਹੋਇਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ’ਚ ਅਜਿਹੇ ਗੁਪਤ ਆਪ੍ਰੇਸ਼ਨ ਅਪਰਾਧੀਆਂ, ਵਿਰੋਧੀਆਂ ਤੇ ਹੋਰ ਦਿਲਚਸਪੀ ਰੱਖਣ ਵਾਲੇ ਉਨ੍ਹਾਂ ਗਰੁੱਪਾਂ ਵੱਲੋਂ ਕੀਤੇ ਜਾ ਰਹੇ ਹਨ ਜਿਨ੍ਹਾਂ ਨੂੰ ਏਜੰਸੀਆਂ ਫੀਸ ਲੈ ਕੇ ਨਿਯੁਕਤ ਕਰਦੀਆਂ ਹਨ।


author

Rakesh

Content Editor

Related News