ਕਰਨਾਟਕ ’ਚ ਪਾਕਿ ਦੇ 22 ਨਾਗਰਿਕਾਂ ਨੂੰ ਵਸਾਇਆ, ਮੁਲਜ਼ਮ ਗ੍ਰਿਫਤਾਰ
Wednesday, Oct 09, 2024 - 05:00 AM (IST)
ਬੈਂਗਲੁਰੂ - ਪਾਕਿਸਤਾਨ ਦੇ 22 ਨਾਗਰਿਕਾਂ ਨੂੰ ਹਿੰਦੂ ਨਾਵਾਂ ਨਾਲ ਬੈਂਗਲੁਰੂ ਅਤੇ ਕਰਨਾਟਕ ਦੇ ਹੋਰ ਹਿੱਸਿਆਂ ’ਚ ਵਸਾਉਣ ਤੇ ਪਨਾਹ ਦੇਣ ’ਚ ਮਦਦ ਕਰਨ ਦੇ ਦੋਸ਼ ਹੇਠ ਪਰਵੇਜ਼ ਨਾਂ ਦੇ ਇਕ ਵਿਅਕਤੀ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ।
ਪੁਲਸ ਸੂਤਰਾਂ ਨੇ ਮੰਗਲਵਾਰ ਇਹ ਜਾਣਕਾਰੀ ਦਿੱਤੀ। ਕੁਝ ਸਮਾਂ ਪਹਿਲਾਂ ਬੈਂਗਲੁਰੂ ਦੇ ਬਾਹਰਵਾਰ ਜਿਗਾਨੀ ’ਚ ਇਕ ਪਰਿਵਾਰ ਦੇ 4 ਮੈਂਬਰ, ਜੋ ਪਾਕਿਸਤਾਨੀ ਨਾਗਰਿਕ ਸਨ, ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਉਨ੍ਹਾਂ ਤੋਂ ਪੁੱਛਗਿੱਛ ਪਿੱਛੋਂ3 ਹੋਰ ਪਾਕਿਸਤਾਨੀ ਨਾਗਰਿਕਾਂ ਨੂੰ ਇੱਥੇ ਪੀਨੀਆ ਤੋਂ ਗ੍ਰਿਫਤਾਰ ਕੀਤਾ ਗਿਆ। ਸੂਤਰਾਂ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਦਾਵਨਗੇਰੇ ਜ਼ਿਲੇ ’ਚ ਕੁਝ ਹੋਰ ਪਾਕਿਸਤਾਨੀਆਂ ਦੀ ਮੌਜੂਦਗੀ ਦਾ ਖੁਲਾਸਾ ਹੋਇਆ। ਉਨ੍ਹਾਂ ਨੂੰ ਵੀ ਹਿਰਾਸਤ ’ਚ ਲਿਆ ਗਿਆ ਹੈ।
ਮਾਮਲੇ ਦੀ ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਪਰਵੇਜ਼ ਇਨ੍ਹਾਂ ਪਾਕਿਸਤਾਨੀਆਂ ਨੂੰ ਉਨ੍ਹਾਂ ਦੇ ਬਦਲੇ ਹੋਏ ਨਾਵਾਂ ’ਤੇ ਸਾਰੇ ਦਸਤਾਵੇਜ਼ ਹਾਸਲ ਕਰਵਾਉਣ ’ਚ ਮਦਦ ਕਰ ਰਿਹਾ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।