ਛੱਤੀਸਗੜ੍ਹ ’ਚ ਸੁਰੱਖਿਆ ਫੋਰਸ ਨਾਲ ਮੁਕਾਬਲੇ ’ਚ 22 ਨਕਸਲੀ ਢੇਰ
Thursday, May 08, 2025 - 12:28 AM (IST)

ਬੀਜਾਪੁਰ, (ਭਾਸ਼ਾ)- ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲੇ ਵਿਚ ਜਾਰੀ ਨਕਸਲ ਵਿਰੋਧੀ ਮੁਹਿੰਮ ਵਿਚ ਸੁਰੱਖਿਆ ਫੋਰਸਾਂ ਨੇ ਬੁੱਧਵਾਰ ਨੂੰ 22 ਨਕਸਲੀਆਂ ਨੂੰ ਮਾਰ ਦਿੱਤਾ। ਪੁਲਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲੇ ਦੇ ਕਰੇਗੁੱਟਾ ਦੀਆਂ ਪਹਾੜੀਆਂ ਅਤੇ ਛੱਤੀਸਗੜ੍ਹ-ਤੇਲੰਗਾਨਾ ਸਰਹੱਦ ’ਤੇ ਸਥਿਤ ਪਹਾੜੀਆਂ ਵਿਚ 21 ਅਪ੍ਰੈਲ ਨੂੰ ‘ਮਿਸ਼ਨ ਸੰਕਲਪ’ ਨਾਮੀ ਇਕ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਵਿਚ ਲੱਗਭਗ 24 ਹਜ਼ਾਰ ਫੌਜੀ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਮੁਹਿੰਮ ਦੇ ਤਹਿਤ ਅੱਜ ਸੁਰੱਖਿਆ ਫੋਰਸਾਂ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ ਹੋਇਆ ਜਿਸ ਵਿਚ 22 ਨਕਸਲੀਆਂ ਨੂੰ ਢੇਰ ਕਰ ਦਿੱਤਾ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਬੀਜਾਪੁਰ ਜ਼ਿਲੇ ਦੇ ਦੱਖਣ-ਪੱਛਮ ਸਰਹੱਦੀ ਖੇਤਰ ਦੇ ਜੰਗਲ ਵਿਚ ਨਕਸਲੀਆਂ ਦੀ ਮੌਜੂਦਗੀ ਦੀ ਸੂਚਨਾ ਤੋਂ ਬਾਅਦ ਸੁਰੱਖਿਆ ਫੋਰਸ ਦੇ ਜਵਾਨਾਂ ਨੂੰ ਨਕਸਲ ਵਿਰੋਧੀ ਮੁਹਿੰਮ ’ਤੇ ਰਵਾਨਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਬਸਤਰ ਖੇਤਰ ਵਿਚ ਸ਼ੁਰੂ ਕੀਤੇ ਗਏ ਸਭ ਤੋਂ ਵੱਡੇ ਨਕਸਲ ਵਿਰੋਧੀ ਆਪ੍ਰੇਸ਼ਨਾਂ ਵਿਚੋਂ ਇਕ ਇਸ ਮੁਹਿੰਮ ਵਿਚ ਜ਼ਿਲਾ ਰਿਜ਼ਰਵ ਗਾਰਡ, ਬਸਤਰ ਫਾਈਟਰਜ਼ ਅਤੇ ਛੱਤੀਸਗੜ੍ਹ ਪੁਲਸ ਦੇ ਐੱਸ. ਟੀ. ਐੱਫ., ਕੇਂਦਰੀ ਰਿਜ਼ਰਵ ਪੁਲਸ ਫੋਰਸ ਅਤੇ ਕਮਾਂਡੋ ਬਟਾਲੀਅਨ ਫਾਰ ਰੈਜ਼ੋਲਿਊਟ ਐਕਸ਼ਨ (ਕੋਬਰਾ) ਦੇ ਜਵਾਨਾਂ ਸਮੇਤ ਵੱਖ-ਵੱਖ ਯੂਨਿਟਾਂ ਦੇ ਜਵਾਨ ਸ਼ਾਮਲ ਹਨ।