ਦਿੱਲੀ-ਦੇਹਰਾਦੂਨ ਹਾਈਵੇਅ ’ਤੇ ਕਈ ਘੰਟੇ ਲੱਗਾ ਰਿਹਾ 20 ਕਿ. ਮੀ. ਲੰਮਾ ਜਾਮ
Monday, Mar 17, 2025 - 05:24 AM (IST)

ਦੇਹਰਾਦੂਨ - ਦਿੱਲੀ-ਦੇਹਰਾਦੂਨ ਹਾਈਵੇਅ ’ਤੇ ਸ਼ਿਵਾਲਿਕ ਪਹਾੜੀਆਂ ’ਚ ਮੋਹੰਡ ਅਤੇ ਆਸ਼ਾਰੋੜੀ ਦੇ ਦਰਮਿਆਨ ਇਕ ਵਾਰ ਫਿਰ ਲੱਗੇ ਲੰਮੇ ਜਾਮ ਕਾਰਨ ਲੋਕ ਕਈ ਘੰਟੇ ਪ੍ਰੇਸ਼ਾਨ ਰਹੇ। ਐਤਵਾਰ ਦੁਪਹਿਰ ਤੋਂ ਲੈ ਕੇ ਰਾਤ ਤੱਕ ਜਾਮ ਦੀ ਸਥਿਤੀ ਬਣੀ ਰਹੀ। ਜਾਮ ’ਚ ਆਸ਼ਾਰੋੜੀ ਤੋਂ ਬਿਹਾਰੀਗੜ੍ਹ ਤੱਕ ਲੱਗਭਗ 20 ਕਿ. ਮੀ. ਤੱਕ ਉੱਤਰਾਖੰਡ ਦੇ ਨਾਲ-ਨਾਲ ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ ਸਮੇਤ ਕਈ ਸੂਬਿਆਂ ਦੇ ਹਜ਼ਾਰਾਂ ਵਾਹਨ ਫਸੇ ਰਹੇ।
ਜਾਮ ’ਚ ਫਸੇ ਬਜ਼ੁਰਗਾਂ, ਔਰਤਾਂ ਤੇ ਬੱਚਿਆਂ ਸਮੇਤ ਸਾਰੇ ਲੋਕ ਪ੍ਰੇਸ਼ਾਨ ਰਹੇ। ਮਸੂਰੀ ਅਤੇ ਹੋਰ ਸੈਰ-ਸਪਾਟੇ ਵਾਲੀਆਂ ਥਾਵਾਂ ਨੂੰ ਆਉਣ-ਜਾਣ ਵਾਲੇ ਸੈਲਾਨੀਆਂ ਦਾ ਸਮਾਂ ਜਾਮ ’ਚ ਫਸ ਕੇ ਲੰਘ ਗਿਆ। ਜਾਮ ਲੱਗਣ ਦਾ ਕਾਰਨ ਆਸ਼ਾਰੋੜੀ ਤੋਂ ਕੁਝ ਕਿਲੋਮੀਟਰ ਅੱਗੇ ਉੱਤਰ ਪ੍ਰਦੇਸ਼ ਦੀ ਹੱਦ ’ਚ ਇਕ ਟਰੱਕ ਖ਼ਰਾਬ ਹੋਣਾ ਦੱਸਿਆ ਗਿਆ। ਦਿਨ ’ਚ ਸਮਾਂ ਰਹਿੰਦੇ ਕੋਈ ਠੋਸ ਕਦਮ ਨਹੀਂ ਚੁੱਕਿਆ ਅਤੇ ਜਾਮ ਦੀ ਸਥਿਤੀ ਵਧਦੀ ਗਈ। ਕਾਫੀ ਜੱਦੋਜਹਿਦ ਤੋਂ ਬਾਅਦ ਰਾਤ 9 ਵਜੇ ਤੋਂ ਬਾਅਦ ਜਾਮ ਖੁੱਲ੍ਹ ਸਕਿਆ।