2 ਤਕਨੀਕੀ ਮਾਹਿਰਾਂ ਨੇ ਬੈਂਕ ਅਫਸਰ ਬਣ ਕੇ ਧੋਖਾਦੇਹੀ ਨਾਲ ਕਮਾਏ ਕਰੋੜਾਂ ਰੁਪਏ
Friday, Oct 31, 2025 - 11:39 PM (IST)
ਕਾਨਪੁਰ-ਕਾਨਪੁਰ ਪੁਲਸ ਨੇ ਸਾਈਬਰ ਠੱਗੀ ਕਰਨ ਵਾਲੇ 2 ਤਕਨੀਕੀ ਮਾਹਿਰਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਬੈਂਕ ਅਫਸਰ ਬਣ ਕੇ ਧੋਖਾਦੇਹੀ ਨਾਲ ਕਮਾਏ ਪੈਸੇ ਤੋਂ ਮਹਿੰਗੇ ਸ਼ੌਕ ਪੂਰੇ ਕਰਦੇ ਸਨ।ਮੁਲਜ਼ਮਾਂ ਨੇ ਠੱਗੀ ਦੀ ਰਕਮ ਨਾਲ 1.25 ਲੱਖ ਰੁਪਏ ਦਾ ਇਕ ਬੱਲਾ ਤੇ ਇਕ ਕੀਮਤੀ ਥਾਰ ਖਰੀਦੀ ਸੀ। ਡਿਪਟੀ ਕਮਿਸ਼ਨਰ ਆਫ਼ ਪੁਲਸ (ਕ੍ਰਾਈਮ) ਅਤੁਲ ਕੁਮਾਰ ਸ਼੍ਰੀਵਾਸਤਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਬਾਗਪਤ ਨਿਵਾਸੀ ਐੱਮ. ਬੀ. ਏ. ਪਾਸ ਅਨੁਜ ਤੋਮਰ ਅਤੇ ਬੀ. ਟੈੱਕ ਡਿਗਰੀ ਹੋਲਡਰ ਕ੍ਰਿਕਟਰ ਵਿਵੇਕ ਸ਼ਰਮਾ ਹਨ, ਜਿਨ੍ਹਾਂ ਨੂੰ ਚੰਡੀਗੜ੍ਹ ਅਤੇ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕੋਲੋਂ ਤਿੰਨ ਲੈਪਟਾਪ, 14 ਮੋਬਾਈਲ ਫੋਨ, ਮਹਿੰਗੇ ਬੈਚ, ਇਕ ਕਾਰ ਅਤੇ ਲਗਜ਼ਰੀ ਵਸਤਾਂ ਬਰਾਮਦ ਕੀਤੀਆਂ ਗਈਆਂ ਹਨ।
ਪੁਲਸ ਮੁਤਾਬਕ ਉਨ੍ਹਾਂ ਵਿਰੁੱਧ 35 ਸ਼ਿਕਾਇਤਾਂ ਦਰਜ ਹਨ, ਜਿਨ੍ਹਾਂ ਵਿਚ ਲੱਗਭਗ 60 ਲੱਖ ਰੁਪਏ ਦੀ ਧੋਖਾਦੇਹੀ ਸਾਹਮਣੇ ਆਈ ਹੈ। ਵਿਵੇਕ ਸ਼ਰਮਾ ਨੇ ਪੁੱਛਗਿੱਛ ਵਿਚ ਦੱਸਿਆ ਕਿ ਉਸਨੇ ਆਈ. ਪੀ. ਐੱਲ. ਟ੍ਰਾਇਲ ਦੀ ਤਿਆਰੀ ਲਈ ਠੱਗੀ ਦੀ ਰਕਮ ਨਾਲ ਕ੍ਰਿਕਟ ਦਾ ਬੱਲਾ ਅਤੇ ਹੋਰ ਉਪਕਰਣ ਖਰੀਦੇ ਹਨ। ਦੋਵਾਂ ਵਿਰੁੱਧ ਆਈ. ਟੀ. ਐਕਟ ਦੀ ਧਾਰਾ 66-ਡੀ ਤਹਿਤ ਕਾਰਵਾਈ ਕੀਤੀ ਗਈ ਹੈ।
ਦੋਵੇਂ ਮੁਲਜ਼ਮ ਪਹਿਲਾਂ ਸਿੰਗਾਪੁਰ ’ਚ ਇਕ ਬਹੁ-ਰਾਸ਼ਟਰੀ ਕੰਪਨੀ ’ਚ ਕਰਦੇ ਸਨ ਕੰਮ
ਪੁਲਸ ਮੁਤਾਬਕ, ਦੋਵੇਂ ਮੁਲਜ਼ਮ ਪਹਿਲਾਂ ਸਿੰਗਾਪੁਰ ਸਥਿਤ ਇਕ ਬਹੁ-ਰਾਸ਼ਟਰੀ ਕੰਪਨੀ ਵਿਚ ਕੰਮ ਕਰਦੇ ਸਨ ਪਰ ਕੋਵਿਡ-19 ਮਹਾਮਾਰੀ ਦੌਰਾਨ ਉਨ੍ਹਾਂ ਦੀ ਨੌਕਰੀ ਖੁੰਝ ਜਾਣ ਤੋਂ ਬਾਅਦ ਉਹ ਭਾਰਤ ਪਰਤ ਆਏ ਸਨ। ਇਥੇ ਉਹ ਇਸ ਸਾਈਬਰ ਅਪਰਾਧੀ ਦੇ ਸੰਪਰਕ ਵਿਚ ਆਏ ਜਿਸਨੇ ਉਨ੍ਹਾਂ ਨੂੰ ਆਨਲਾਈਨ ਧੋਖਾਦੇਹੀ ਦੇ ਤਰੀਕੇ ਸਿਖਾਏ। ਪੁਲਸ ਸੂਤਰਾਂ ਨੇ ਦੱਸਿਆ ਕਿ ਤੋਮਰ ਅਤੇ ਸ਼ਰਮਾ ਕਥਿਤ ਤੌਰ ’ਤੇ ਦਿੱਲੀ, ਪੰਜਾਬ ਅਤੇ ਉੱਤਰ ਪ੍ਰਦੇਸ਼ ਵਿਚ ਫਰਜ਼ੀ ਕ੍ਰੈਡਿਟ ਕਾਰਡ ਅਪਗ੍ਰੇਡ ਯੋਜਨਾਵਾਂ ਰਾਹੀਂ ਲੋਕਾਂ ਨੂੰ ਨਿਸ਼ਾਨਾ ਬਣਾ ਚੁੱਕੇ ਹਨ।
