ਦਿੱਲੀ ਹਿੰਸਾ ਦੀ ਜਾਂਚ ਲਈ ਬਣਾਈਆਂ 2 SIT ਟੀਮਾਂ

02/27/2020 8:21:15 PM

ਨਵੀਂ ਦਿੱਲੀ— ਉੱਤਰ-ਪੂਰਬੀ ਦਿੱਲੀ 'ਚ ਤਿੰਨ ਦਿਨਾਂ ਤਕ ਹੋਈ ਹਿੰਸਾ ਤੋਂ ਬਾਅਦ ਫਿਲਹਾਲ ਹਾਲਾਤ ਕੰਟਰੋਲ 'ਚ ਹਨ ਅਤੇ ਜਾਂਚ ਲਈ ਕ੍ਰਾਈਮ ਬ੍ਰਾਂਚ ਦੇ ਅਧੀਨ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਗਿਆ ਹੈ। ਐੱਸ.ਆਈ.ਟੀ. ਦੀਆਂ ਦੋ ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਜਾਂਚ ਟੀਮਾਂ 'ਚ 8 ਏ. ਸੀ.ਪੀ., 6 ਇੰਸਪੈਕਟਰ, 8 ਸਬ ਇੰਸਪੈਕਟਰ ਅਤੇ ਹੋਰ ਪੁਲਸ ਮੁਲਾਜ਼ਮ ਸ਼ਾਮਲ ਹੋਣਗੇ। ਦਿੱਲੀ ਹਿੰਸਾ ਦੀ ਜਾਂਚ ਕਰਨ ਵਾਲੀ SIT ਦਾ ਡੀ.ਸੀ.ਪੀ. ਜੋਏ ਤਿਰਕੀ ਅਤੇ ਡੀ.ਸੀ.ਪੀ. ਰਾਜੇਸ਼ ਦੇਵ ਲੀਡਰਸ਼ਿਪ ਕਰਨਗੇ।

PunjabKesari

ਦਿੱੱਲੀ ਪੁਲਸ ਲੋਕ ਸੰਪਰਕ ਅਧਿਕਾਰੀ ਮਨਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਹਿੰਸਾ ਪ੍ਰਭਾਵਿਤ ਇਲਾਕਿਆਂ 'ਚ ਸੁਰੱਖਿਆ ਦਸਤਿਆਂ ਨੂੰ ਤਾਇਨਾਤ ਕਰਨ ਤੋਂ ਬਾਅਦ ਹਾਲਾਤਾਂ ਕਾਬੂ 'ਚ ਹਨ। ਅੱਜ ਕਿਸੇ ਵੀ ਤਰ੍ਹਾਂ ਦੀ ਕੋਈ ਹਿੰਸਕ ਘਟਨਾ ਨਹੀਂ ਵਾਪਰੀ। ਰੰਧਾਵਾ ਨੇ ਕਿਹਾ ਕਿ ਹੁਣ ਤਕ 48 ਐੱਫ.ਆਈ.ਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ ਤੇ ਮਾਮਲਿਆਂ ਦੀ ਜਾਂਚ ਤੋਂ ਬਾਅਦ ਹੋਰ ਵੀ ਕੇਸ ਦਰਜ ਕੀਤੇ ਜਾਣਗੇ। ਇਕ ਹਜ਼ਾਰ ਤੋਂ ਵੱਧ ਸੀ.ਸੀ.ਟੀ.ਵੀ. ਫੁਟੇਜ ਮਿਲੇ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹੁਣ ਤਕ 106 ਲੋਕਾਂ ਦੀ ਗ੍ਰਿਫਤਾਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਇਲਾਕੇ 'ਚ ਸ਼ਾਂਤੀ ਬਣਾਏ ਰੱਖਣ ਲਈ ਦਿਨ ਰਾਤ ਚੌਕਸੀ ਵਰਤੀ ਜਾ ਰਹੀ ਹੈ।

PunjabKesari
ਜਾਣਕਾਰੀ ਮੁਤਾਬਕ ਹੁਣ ਤਕ 37 ਲੋਕਾਂ ਦੀ ਮੌਤ ਦੀ ਖਬਰ ਹੈ, ਜਦਕਿ ਕਈ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਦੌਰਾਨ ਮ੍ਰਿਤਕਾਂ ਦੀ ਗਿਣਤੀ 'ਚ ਵਾਧਾ ਹੋਣ ਦੀ ਉਮੀਦ ਹੈ। ਦਿੱਲੀ ਪੁਲਸ ਕਮਿਸ਼ਨਰ ਐੱਸ.ਐੱਨ ਸ਼੍ਰੀਵਾਸਤਵ ਨੇ ਹਿੰਸਾ ਪ੍ਰਭਾਵਿਤ ਇਲਾਕੇ ਚਾਂਦਬਾਗ ਤੇ ਖਜੂਰੀ ਖਾਸ ਇਲਾਕਿਆਂ ਦਾ ਦੌਰਾ ਕੀਤਾ ਤੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਸਥਾਨਕ ਲੋਕਾਂ ਨੇ ਉਨ੍ਹਾਂ ਅੱਗੇ ਸੁਰੱਖਿਆ ਸ਼ਾਂਤੀ ਨਾਲ ਸਬੰਧਤ ਕਈ ਮੰਗਾਂ ਰੱਖੀਆਂ।

 


KamalJeet Singh

Content Editor

Related News