ਕੰਮ ਦੇ ਬੋਝ ਕਾਰਨ 2 ਲੋਕਾਂ ਨੇ ਕੀਤੀ ਖੁਦਕੁਸ਼ੀ, ਦੇਸ਼ ’ਚ ਵੱਧ ਰਹੇ ਅਜਿਹੀਆਂ ਮੌਤਾਂ ਦੇ ਮਾਮਲੇ

Wednesday, Oct 02, 2024 - 10:30 AM (IST)

ਨਵੀਂ ਦਿੱਲੀ- ਦੇਸ਼ ’ਚ ਕੰਮ ਦੇ ਬੋਝ ਕਾਰਨ ਕਰਮਚਾਰੀਆਂ ਦੀ ਖ਼ੁਦਕੁਸ਼ੀ ਅਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਦੇ ਮਾਮਲੇ ਵਧਦੇ ਜਾ ਰਹੇ ਹਨ। ਹਾਲ ਹੀ ’ਚ 2 ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਦੋਂ 2 ਕਰਮਚਾਰੀਆਂ ਨੇ ਕੰਮ ਦੇ ਬੋਝ ਕਾਰਨ ਖੁਦਕੁਸ਼ੀ ਕਰ ਲਈ ਹੈ। ਇਨ੍ਹਾਂ ’ਚੋਂ ਇਕ ਮਾਮਲਾ ਉੱਤਰ ਪ੍ਰਦੇਸ਼ ਦੇ ਝਾਂਸੀ ਦਾ ਹੈ, ਜਿਥੇ ਬਜਾਜ ਫਾਈਨਾਂਸ ’ਚ ਏਰੀਆ ਮੈਨੇਜਰ ਦੇ ਤੌਰ ’ਤੇ ਕੰਮ ਕਰਦੇ 42 ਸਾਲਾ ਵਿਅਕਤੀ ਨੇ ਖੁਦਕੁਸ਼ੀ ਕਰ ਲਈ, ਜਦ ਕਿ ਦੂਜੇ ਮਾਮਲੇ ’ਚ ਮੁੰਬਈ ਦੇ ਅਟਲ ਸੇਤੂ ਤੋਂ ਇਕ ਵਿਅਕਤੀ ਨੇ ਸਮੁੰਦਰ ’ਚ ਛਾਲ ਮਾਰ ਦਿੱਤੀ। ਇਹ ਵਿਅਕਤੀ ਮੁੰਬਈ ’ਚ ਇਕ ਜਨਤਕ ਖੇਤਰ ਦੇ ਬੈਂਕ ’ਚ ਬਤੌਰ ਮੈਨੇਜਰ ਕੰਮ ਕਰਦਾ ਸੀ। ਇਸ ਵਿਅਕਤੀ ਦੀ ਪਤਨੀ ਨੇ ਆਪਣੇ ਪਤੀ ਦੀ ਮੌਤ ਦਾ ਕਾਰਨ ਬੈਂਕ ’ਚ ਕੰਮ ਦਾ ਬੋਝ ਦੱਸਿਆ ਹੈ।

60 ਫੀਸਦੀ ਭਾਰਤੀ ਪ੍ਰੇਸ਼ਾਨ, 2 ਲੱਖ ਨੇ ਗਵਾਈ ਆਪਣੀ ਜਾਨ

ਇਕ ਰਿਪੋਰਟ ਅਨੁਸਾਰ ਸਾਲ 2023 ’ਚ ਮੈਕਕਿੰਸੇ ਨੇ 30 ਦੇਸ਼ਾਂ ਦਾ ਇਕ ਸਰਵੇਖਣ ਕੀਤਾ ਸੀ, ਜਿਸ ’ਚ ਕਿਹਾ ਗਿਆ ਸੀ ਕਿ ਭਾਰਤ ’ਚ 60 ਫੀਸਦੀ ਲੋਕ ਕੰਮ ਦੇ ਬੋਝ ਕਾਰਨ ਬਹੁਤ ਥੱਕੇ ਅਤੇ ਬੇਚੈਨ ਮਹਿਸੂਸ ਕਰਦੇ ਹਨ। 2019 ਦੇ ਇਕ ਸਰਵੇਖਣ ’ਚ ਮੁੰਬਈ ਨੂੰ ਦੁਨੀਆ ਦਾ ਸਭ ਤੋਂ ਮਿਹਨਤ ਕਰਨ ਵਾਲਾ ਸ਼ਹਿਰ ਦੱਸਿਆ ਗਿਆ ਸੀ। ਇਹ ਵੀ ਦੱਸਿਆ ਗਿਆ ਸੀ ਕਿ ਸਾਲ 2018 ’ਚ ਭਾਰਤੀਆਂ ਨੂੰ ਦੁਨੀਆ ’ਚ ਸਭ ਤੋਂ ਘੱਟ ਛੁੱਟੀਆਂ ਮਿਲੀਆਂ ਸਨ। ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ (ਆਈ.ਐੱਲ.ਓ.) ਦੇ ਹਵਾਲੇ ਨਾਲ ਇਕ ਹੋਰ ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ’ਚ ਇਕ ਸਾਲ ’ਚ 2 ਲੱਖ ਤੋਂ ਵੱਧ ਲੋਕ ਕੰਮ ਦੇ ਬੋਝ ਕਾਰਨ ਆਪਣੀ ਜਾਨ ਗੁਆ ​​ਚੁੱਕੇ ਹਨ। ਜ਼ਿਆਦਾ ਕੰਮ ਕਰ ਕੇ ਲੋਕ ਤਣਾਅ ਵਿਚ ਰਹਿੰਦੇ ਹਨ। ਤਣਾਅ ’ਚ ਰਹਿਣ ਵਾਲੇ ਲੋਕਾਂ ਨੂੰ ਕਈ ਗੰਭੀਰ ਬੀਮਾਰੀਆਂ ਦਾ ਖ਼ਤਰਾ ਵੱਧ ਹੁੰਦਾ ਹੈ।

ਕਮਰੇ ’ਚ ਮ੍ਰਿਤ ਮਿਲਿਆ ਬਜਾਜ ਫਾਈਨਾਂਸ ਦਾ ਏਰੀਆ ਮੈਨੇਜਰ

ਰਿਪੋਰਟ ਮੁਤਾਬਕ ਉੱਤਰ ਪ੍ਰਦੇਸ਼ ਦੇ ਝਾਂਸੀ ’ਚ ਬਜਾਜ ਫਾਈਨਾਂਸ ’ਚ ਏਰੀਆ ਮੈਨੇਜਰ ਦੇ ਤੌਰ ’ਤੇ ਕੰਮ ਕਰਦੇ 42 ਸਾਲਾ ਤਰੁਣ ਸਕਸੈਨਾ ਨੇ ਖੁਦਕੁਸ਼ੀ ਨੋਟ ’ਚ ਕਿਹਾ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਉਸ ਦੇ ਉੱਚ ਅਧਿਕਾਰੀ ਉਸ ’ਤੇ ਟੀਚਾ ਪੂਰਾ ਕਰਨ ਲਈ ਦਬਾਅ ਪਾ ਰਹੇ ਸਨ ਅਤੇ ਧਮਕੀਆਂ ਦੇ ਰਹੇ ਸਨ। ਤਨਖਾਹ ’ਚ ਕਟੌਤੀ ਦੀ ਧਮਕੀ ਦੇ ਰਹੇ ਸਨ। ਬਜਾਜ ਫਾਈਨਾਂਸ ਨੇ ਅਜੇ ਤੱਕ ਇਨ੍ਹਾਂ ਦੋਸ਼ਾਂ ਦਾ ਜਵਾਬ ਨਹੀਂ ਦਿੱਤਾ ਹੈ। ਉਸ ਨੇ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਦੂਜੇ ਕਮਰੇ ’ਚ ਬੰਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਹ ਮ੍ਰਿਤ ਮਿਲਿਆ। ਉਹ ਆਪਣੇ ਪਿੱਛੇ ਮਾਤਾ-ਪਿਤਾ, ਪਤਨੀ ਮੇਘਾ ਅਤੇ ਬੱਚੇ ਯਥਾਰਥ ਅਤੇ ਪੀਹੂ ਨੂੰ ਛੱਡ ਗਿਆ ਹੈ।

ਸੁਸਾਈਡ ਨੋਟ ’ਚ ਲਿਖਿਆ, 45 ਦਿਨਾਂ ਤੋਂ ਸੁੱਤਾ ਨਹੀਂ ਹਾਂ

ਆਪਣੀ ਪਤਨੀ ਨੂੰ ਸੰਬੋਧਿਤ 5 ਪੰਨਿਆਂ ਦੇ ਪੱਤਰ ’ਚ ਤਰੁਣ ਨੇ ਲਿਖਿਆ ਕਿ ਉਹ ਬਹੁਤ ਤਣਾਅ ਵਿਚ ਸੀ ਕਿਉਂਕਿ ਉਹ ਆਪਣੀ ਪੂਰੀ ਕੋਸ਼ਿਸ਼ ਦੇ ਬਾਵਜੂਦ ਟੀਚਾ ਪੂਰਾ ਨਹੀਂ ਕਰ ਸਕਿਆ ਸੀ। ਤਰੁਣ ਨੂੰ ਆਪਣੇ ਖੇਤਰ ਤੋਂ ਬਜਾਜ ਫਾਈਨਾਂਸ ਲੋਨ ਦੀ ਈ. ਐੱਮ.ਆਈ. ਵਸੂਲਣ ਦਾ ਕੰਮ ਸੌਂਪਿਆ ਗਿਆ ਸੀ ਪਰ ਕਈ ਮੁੱਦਿਆਂ ਕਾਰਨ ਉਹ ਟੀਚਾ ਪੂਰਾ ਨਹੀਂ ਕਰ ਸਕਿਆ ਸੀ। ਤਰੁਣ ਨੇ ਕਿਹਾ ਕਿ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਉਹ ਈ.ਐੱਮ.ਆਈਜ਼ ਦਾ ਭੁਗਤਾਨ ਕਰਨਾ ਪਿਆ, ਜੋ ਉਹ ਵਸੂਲ ਨਹੀਂ ਕਰ ਸਕੇ ਸਨ। ਉਨ੍ਹਾਂ ਲਿਖਿਆ ਕਿ ਆਪਣੇ ਉੱਚ ਅਧਿਕਾਰੀਆਂ ਕੋਲ ਵਾਰ-ਵਾਰ ਰਿਕਵਰੀ ’ਚ ਮੁਸ਼ਕਲਾਂ ਦਾ ਮਾਮਲਾ ਉਠਾਇਆ ਪਰ ਉਹ ਉਸ ਦੀ ਗੱਲ ਸੁਣਨ ਲਈ ਤਿਆਰ ਨਹੀਂ ਸਨ। ਉਨ੍ਹਾਂ ਲਿਖਿਆ ਕਿ ਮੈਂ 45 ਦਿਨਾਂ ਤੋਂ ਸੁੱਤਾ ਨਹੀਂ ਹਾਂ। ਮੈਂ ਮੁਸ਼ਕਿਲ ਨਾਲ ਕੁਝ ਖਾਧਾ ਹੈ। ਮੈਂ ਬਹੁਤ ਤਣਾਅ ਵਿਚ ਹਾਂ। ਸੀਨੀਅਰ ਮੈਨੇਜਰ ਮੈਨੂੰ ਕਿਸੇ ਵੀ ਕੀਮਤ ’ਤੇ ਟੀਚੇ ਪੂਰੇ ਕਰਨ ਜਾਂ ਨੌਕਰੀ ਛੱਡਣ ਲਈ ਦਬਾਅ ਪਾ ਰਹੇ ਹਨ।

ਅਟਲ ਸੇਤੂ ’ਤੇ ਖੜੀ ਕਾਰ, ਫਿਰ ਬੈਂਕ ਮੈਨੇਜਰ ਨੇ ਸਮੁੰਦਰ ’ਚ ਮਾਰ ਦਿੱਤੀ ਛਾਲ

ਦੂਜੇ ਮਾਮਲੇ ’ਚ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਤੋਂ ਜਨਤਕ ਖੇਤਰ ਦੇ ਬੈਂਕ ’ਚ ਬਤੌਰ ਮੈਨੇਜਰ ਦੇ ਅਹੁਦੇ ’ਤੇ ਕੰਮ ਕਰਨ ਵਾਲੇ ਸੁਸ਼ਾਂਤ ਚੱਕਰਵਰਤੀ ਆਪਣੀ ਕਾਰ ’ਚ ਅਟਲ ਸੇਤੂ ਆਇਆ ਸੀ। ਕਾਰ ਨੂੰ ਸਾਈਡ ’ਤੇ ਪਾਰਕ ਕਰਨ ਤੋਂ ਬਾਅਦ ਉਸ ਨੇ ਪੁਲ ਤੋਂ ਹੇਠਾਂ ਛਾਲ ਮਾਰ ਦਿੱਤੀ। ਪੁਲਸ ਨੇ ਜਦੋਂ ਨੰਬਰ ਪਲੇਟ ਅਤੇ ਕਾਰ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ ਨੌਜਵਾਨ ਦਾ ਨਾਂ ਅਤੇ ਪਤਾ ਮਿਲਿਆ। ਪੁਲਸ ਨੇ ਦੱਸਿਆ ਕਿ ਵਿਅਕਤੀ ਆਪਣੀ ਪਤਨੀ, 7 ਸਾਲ ਦੀ ਬੇਟੀ ਅਤੇ ਸੱਸ ਨਾਲ ਕਿਰਾਏ ਦੇ ਮਕਾਨ ’ਚ ਰਹਿੰਦਾ ਸੀ। ਪੁਲਸ ਨੇ ਉਕਤ ਵਿਅਕਤੀ ਦੀ ਪਛਾਣ ਹੋਣ ਤੋਂ ਬਾਅਦ ਘਟਨਾ ਸਬੰਧੀ ਹੋਰ ਜਾਣਕਾਰੀ ਹਾਸਲ ਕਰਨ ਲਈ ਟੀਮ ਨੂੰ ਉਸ ਦੇ ਘਰ ਭੇਜਿਆ। ਅਟਲ ਸੇਤੂ ਤੋਂ ਸਮੁੰਦਰ ’ਚ ਛਾਲ ਮਾਰਨ ਵਾਲੇ ਸੁਸ਼ਾਂਤ ਚੱਕਰਵਰਤੀ ਦੀ ਪਤਨੀ ਨੂੰ ਥਾਣੇ ਬੁਲਾਇਆ ਗਿਆ, ਜਿਥੇ ਉਸ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ।

ਸੀਨੀਅਰ ਪੁਲਸ ਇੰਸਪੈਕਟਰ ਰੋਹਿਤ ਖੋਟੇ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਔਰਤ ਨੇ ਦੱਸਿਆ ਕਿ ਉਸ ਦੇ ਪਤੀ ’ਤੇ ਕੰਮ ਦਾ ਕਾਫੀ ਦਬਾਅ ਸੀ। ਇਸ ਕਾਰਨ ਉਹ ਅਕਸਰ ਤਣਾਅ ’ਚ ਰਹਿੰਦੇ ਸਨ। ਅਧਿਕਾਰੀ ਨੇ ਦੱਸਿਆ ਕਿ ਉਸ ਦਾ ਪਰਿਵਾਰ ਵੀਕੈਂਡ ’ਤੇ ਲੋਨਾਵਾਲਾ ਘੁੰਮਣ ਲਈ ਗਿਆ ਸੀ। ਸੋਮਵਾਰ ਨੂੰ ਉਹ ਦਫਤਰ ਜਾਣ ਲਈ ਘਰੋਂ ਨਿਕਲੇ ਪਰ ਦਫਤਰ ਦੀ ਬਜਾਏ ਅਟਲ ਸੇਤੂ ਗਏ ਅਤੇ ਉਥੋਂ ਸਮੁੰਦਰ ’ਚ ਛਾਲ ਮਾਰ ਦਿੱਤੀ। ਪੁਲਸ ਟੀਮ ਸਵੇਰ ਤੋਂ ਹੀ ਚੱਕਰਵਰਤੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਸ਼ਾਮ ਨੂੰ ਹਨੇਰਾ ਹੋਣ ਕਾਰਨ ਕਾਰਵਾਈ ਨੂੰ ਰੋਕਣਾ ਪਿਆ।


Tanu

Content Editor

Related News