ਲਾਰੈਂਸ ਬਿਸ਼ਨੋਈ ਦੇ ਗੁਰਗਿਆਂ ਨੂੰ ਮਾਰਨ ਦੀ ਫਿਰਾਕ ’ਚ ਘੁੰਮ ਰਹੇ ਬੰਬੀਹਾ ਗੈਂਗ ਦੇ 2 ਗੈਂਗਸਟਰ ਗਿ੍ਰਫ਼ਤਾਰ
Sunday, Aug 08, 2021 - 10:38 AM (IST)
ਪੰਚਕੂਲਾ (ਚੰਦਨ, ਉਮੰਗ)— ਹਰਿਆਣਾ ਪੁਲਸ ਨੇ ਮਸ਼ਹੂਰ ਬੰਬੀਹਾ ਗੈਂਗ ਦੇ ਦੋ ਅਜਿਹੇ ਗੈਂਗਸਟਰ ਗਿ੍ਰਫ਼ਤਾਰ ਕੀਤੇ ਹਨ, ਜੋ ਲਾਰੈਂਸ ਬਿਸ਼ਨੋਈ ਦੇ ਗੁਰਗਿਆਂ ਨੂੰ ਮਾਰਨ ਦੀ ਫਿਰਾਕ ਵਿਚ ਸਨ। ਪੰਚਕੂਲਾ ਸੈਕਟਰ-26 ਦੀ ਕ੍ਰਾਈਮ ਬਰਾਂਚ ਦੀ ਟੀਮ ਨੇ ਨੇ ਬੰਬੀਹਾ ਗੈਂਗ ਦੇ 2 ਗੈਂਗਸਟਰਾਂ ਨੂੰ ਪਿਸਤੌਲ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਨਾਲਾਗੜ੍ਹ-ਪਿੰਜੌਰ ਰੋਡ ਤੋਂ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਨੇ ਪਿਛਲੇ ਦਿਨੀਂ ਅੰਬਾਲਾ ਵਿਚ ਸ਼ਰੇਆਮ ਇਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਮੁਲਜ਼ਮ ਪੰਚਕੂਲਾ ਵਿਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਆਏ ਸਨ ਪਰ ਉਸ ਤੋਂ ਪਹਿਲਾਂ ਹੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਉਨ੍ਹਾਂ ਨੂੰ ਦਬੋਚ ਲਿਆ। ਮੁਲਜ਼ਮਾਂ ਦੀ ਪਛਾਣ ਸੌਰਭ ਉਰਫ਼ ਮਾਊ ਅਤੇ ਅਰਜੁਨ ਉਰਫ਼ ਅੱਜੂ ਨਿਵਾਸੀ ਘੁਮਿਆਰ ਮੰਡੀ ਕੱਚਾ ਬਾਜ਼ਾਰ ਅੰਬਾਲਾ ਕੈਂਟ ਵਜੋਂ ਹੋਈ ਹੈ।
ਪੁਲਸ ਮੁਤਾਬਕ ਦੋਵੇਂ ਗੈਂਗਸਟਰ ਪਹਿਲਾਂ ਲਾਰੈਂਸ ਬਿਸ਼ਨੋਈ ਗੈਂਗ ਦੇ ਗੁਰਗੇ ਸਨ ਪਰ ਹੁਣ ਇਹ ਬੰਬੀਹਾ ਗੈਂਗ ਲਈ ਕੰਮ ਕਰ ਰਹੇ ਸਨ। ਦੋਹਾਂ ਗੈਂਗਸਟਰਾਂ ’ਤੇ ਪੰਚਕੂਲਾ ਅਤੇ ਮੋਹਾਲੀ ਸਮੇਤ ਹੋਰ ਜ਼ਿਲ੍ਹਿਆਂ ਅਤੇ ਸੂਬਿਆਂ ਵਿਚ ਕਈ ਅਪਰਾਧਕ ਮਾਮਲੇ ਦਰਜ ਹਨ। ਪੰਚਕੂਲਾ ਏ. ਸੀ. ਪੀ. ਰਾਜਕੁਮਾਰ ਕੌਸ਼ਿਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਹਾਂ ਗੈਂਗਸਟਰਾਂ ਦੀ ਪਹਿਚਾਣ ਕਰ ਲਈ ਗਈ ਹੈ। ਇਨ੍ਹਾਂ ’ਤੇ ਅੰਬਾਲਾ ਵਿਚ ਇਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰਨ ਦਾ ਦੋਸ਼ ਵੀ ਹੈ। ਦੋਸ਼ੀਆਂ ਨੇ ਬੀਤੀ 15 ਜੂਨ ਨੂੰ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ, ਜਿਸ ਦਾ ਸੀ. ਸੀ. ਟੀ. ਵੀ. ਵੀਡੀਓ ਵੀ ਸਾਹਮਣੇ ਆਇਆ ਹੈ। ਮਿ੍ਰਤਕ ਅੰਬਾਲਾ ਕੈਂਟ ਦਾ ਰਹਿਣ ਵਾਲਾ ਜੀਤੂ ਉਰਫ਼ ਦਿਵਾਕਰ ਸੀ।
ਇਸ ਮਾਮਲੇ ਵਿਚ 15 ਜੂਨ ਨੂੰ ਦੋਹਾਂ ਗੈਂਗਸਟਰਾਂ ਖ਼ਿਲਾਫ਼ ਅੰਬਾਲਾ ਕੈਂਟ ’ਚ ਆਈ. ਪੀ. ਸੀ. ਦੀ ਧਾਰਾ-302 ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ’ਤੇ ਜਾਂਚ ਕਰਦੇ ਹੋਏ ਕ੍ਰਾਈਮ ਬਰਾਂਚ ਸੈਕਟਰ 26 ਦੀ ਟੀਮ ਨੇ ਦੋਹਾਂ ਗੈਂਗਸਟਰਾਂ ਨੂੰ ਪਿੰਜੌਰ ਤੋਂ ਗਿ੍ਰਫ਼ਤਾਰ ਕੀਤਾ ਹੈ। ਉੱਥੇ ਹੀ ਕ੍ਰਾਈਮ ਬਰਾਂਚ ਨੇ ਦੋਹਾਂ ਸ਼ਾਰਪ ਸ਼ੂਟਰਾਂ ਨੂੰ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਕੋਰਟ ਨੇ ਉਨ੍ਹਾਂ ਦੋਹਾਂ ਨੂੰ ਨਿਆਇਕ ਹਿਰਾਸਤ ਵਿਚ ਅੰਬਾਲਾ ਜੇਲ੍ਹ ਭੇਜ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਇਹ ਦੋਵੇਂ ਗੈਂਗਸਟਰ ਪਹਿਲਾਂ ਲਾਰੈਂਸ ਬਿਸ਼ਨੋਈ ਗੈਂਗ ਲਈ ਕੰਮ ਕਰਦੇ ਸਨ ਪਰ ਹੁਣ ਇਹ ਦੋਵੇਂ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗਸਟਰ ਦਾ ਗਰੁੱਪ ਛੱਡ ਕੇ ਵਿਦੇਸ਼ ’ਚ ਬੈਠੇ ਦਲਜੀਤ ਉਰਫ਼ ਬੱਬੂ ਦੇ ਕਹਿਣ ’ਤੇ ਭੁਪਿੰਦਰ ਉਰਫ ਭੁੁੱਪੀ ਰਾਣਾ ਅਤੇ ਦਵਿੰਦਰ ਬੰਬੀਹਾ ਗੈਂਗ ਲਈ ਕੰਮ ਕਰਨ ਲੱਗੇ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਗੁਰਗਿਆਂ ’ਤੇ ਹਮਲੇ ਦੀ ਫਿਰਾਕ ਵਿਚ ਸਨ।