ਰਾਜਿੰਦਰ ਸੈਣੀ ਕਤਲਕਾਂਡ ’ਚ 2 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ
Sunday, Jun 21, 2026 - 02:35 AM (IST)
ਮੁਜ਼ੱਫਰਨਗਰ – ਮੁਜ਼ੱਫਰਨਗਰ ਦੇ ਚਰਚਿਤ ਰਾਜਿੰਦਰ ਸੈਣੀ ਕਤਲਕਾਂਡ ਵਿਚ 8 ਸਾਲ ਬਾਅਦ ਅਦਾਲਤ ਨੇ ਵੱਡਾ ਫੈਸਲਾ ਸੁਣਾਉਂਦੇ ਹੋਏ 2 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਅਡੀਸ਼ਨਲ ਸੈਸ਼ਨ ਜੱਜ (ਫਾਸਟ ਟ੍ਰੈਕ ਕੋਰਟ-3) ਰਵੀ ਕੁਮਾਰ ਦਿਵਾਕਰ ਦੀ ਅਦਾਲਤ ਨੇ ਗਜੇਂਦਰ ਉਰਫ਼ ਗੀਲੂ ਤੇ ਰਾਮਕਿਰਨ ਉਰਫ਼ ਸਾਵਨ ਨੂੰ ਦੋਸ਼ੀ ਕਰਾਰ ਦਿੰਦਿਆਂ ਫਾਂਸੀ ਅਤੇ ਇਕ-ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।
ਇਸਤਗਾਸਾ ਅਨੁਸਾਰ ਸਾਲ 2018 ’ਚ ਨਾਜਾਇਜ਼ ਸਬੰਧਾਂ ਦੇ ਸ਼ੱਕ ਵਿਚ ਰਾਜਿੰਦਰ ਸੈਣੀ ਦਾ ਕਤਲ ਕਰ ਦਿੱਤਾ ਗਿਆ ਸੀ। ਕਤਲ ਤੋਂ ਬਾਅਦ ਮੁਲਜ਼ਮਾਂ ਨੇ ਲਾਸ਼ ਨੂੰ ਸਾੜ ਕੇ ਉਸ ਦੀ ਪਛਾਣ ਮਿਟਾਉਣ ਅਤੇ ਸਬੂਤ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਪੁਲਸ ਜਾਂਚ ਤੋਂ ਬਾਅਦ ਚਾਰਜਸ਼ੀਟ ਦਾਖਲ ਕੀਤੀ ਗਈ ਸੀ, ਜਿਸ ਤੋਂ ਬਾਅਦ ਮਾਮਲੇ ਦੀ ਸੁਣਵਾਈ ਅਦਾਲਤ ਵਿਚ ਚੱਲ ਰਹੀ ਸੀ।
ਸਜ਼ਾ ’ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਇਸ ਮਾਮਲੇ ਨੂੰ ‘ਰੇਅਰੈਸਟ ਆਫ਼ ਰੇਅਰ’ ਸ਼੍ਰੇਣੀ ਦਾ ਮੰਨਦੇ ਹੋਏ ਮੌਤ ਦੀ ਸਜ਼ਾ ਸੁਣਾਉਣ ਦਾ ਫੈਸਲਾ ਕੀਤਾ। ਜੱਜ ਰਵੀ ਕੁਮਾਰ ਦਿਵਾਕਰ ਨੇ ਕਿਹਾ ਕਿ ਅਜਿਹੇ ਘਿਨਾਉਣੇ ਅਪਰਾਧਾਂ ਦੇ ਮਾਮਲਿਆਂ ਵਿਚ ਕਾਨੂੰਨ ਦਾ ਡਰ ਬਣਿਆ ਰਹਿਣਾ ਚਾਹੀਦਾ ਹੈ ਅਤੇ ਸਮਾਜ ਵਿਚ ਸਖ਼ਤ ਸੰਦੇਸ਼ ਜਾਣਾ ਬਹੁਤ ਜ਼ਰੂਰੀ ਹੈ।
