ਜੰਮੂ-ਕਸ਼ਮੀਰ ''ਚ ਬੀਤੇ 3 ਸਾਲਾਂ ''ਚ 2.82 ਲੱਖ ਪਾਸਪੋਰਟ ਅਰਜ਼ੀਆਂ ਨੂੰ ਦਿੱਤੀ ਗਈ ਮਨਜ਼ੂਰੀ

Monday, Apr 10, 2023 - 02:29 PM (IST)

ਜੰਮੂ-ਕਸ਼ਮੀਰ ''ਚ ਬੀਤੇ 3 ਸਾਲਾਂ ''ਚ 2.82 ਲੱਖ ਪਾਸਪੋਰਟ ਅਰਜ਼ੀਆਂ ਨੂੰ ਦਿੱਤੀ ਗਈ ਮਨਜ਼ੂਰੀ

ਸ਼੍ਰੀਨਗਰ- ਜੰਮੂ-ਕਸ਼ਮੀਰ 'ਚ ਪਿਛਲੇ ਤਿੰਨ ਸਾਲਾਂ ਵਿਚ ਲਗਭਗ 2.82 ਲੱਖ ਪਾਸਪੋਰਟ ਤਸਦੀਕ ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਗਈ  ਅਤੇ ਸਿਰਫ਼ 805 ਨੂੰ ਰੱਦ ਕੀਤਾ ਗਿਆ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਨੇਤਾਵਾਂ ਅਤੇ ਪੱਤਰਕਾਰਾਂ ਸਮੇਤ ਲੋਕਾਂ ਦੇ ਵੱਖ-ਵੱਖ ਵਰਗਾਂ ਦੀਆਂ ਗਤੀਵਿਧੀਆਂ 'ਤੇ 'ਸਖ਼ਤ ਚੌਕਸੀ' ਦਾ ਬਚਾਅ ਕਰਦਿਆਂ ਕਿਹਾ ਕਿ 'ਭਾਰਤ ਵਿਰੋਧੀ ਪ੍ਰਚਾਰ' ਨੂੰ ਰੋਕਣਾ ਜ਼ਰੂਰੀ ਹੈ। ਪੁਲਸ ਨੇ ਕਿਹਾ ਕਿ ਅਪਰਾਧਿਕ ਜਾਂਚ ਵਿਭਾਗ (ਸੀ.ਆਈ.ਡੀ.) ਹੈੱਡਕੁਆਰਟਰ ਵੱਲੋਂ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਨੇ ਸਫ਼ਲਤਾ ਦਿਖਾਈ ਹੈ ਕਿਉਂਕਿ ਦੇਸ਼ ਵਿਰੋਧੀ ਅਨਸਰਾਂ ਵੱਲੋਂ ਪਾਸਪੋਰਟਾਂ ਦੀ ਦੁਰਵਰਤੋਂ ਵਿਚ ਕਮੀ ਆਈ ਹੈ।

ਪੱਤਰਕਾਰ ਸਣੇ 143 ਪਾਸਪੋਰਟ ਬਿਨੈਕਾਰਾਂ ਨੇ ਕੀਤੀ ਦੁਰਵਰਤੋਂ

ਪੁਲਸ ਨੇ ਕਿਹਾ ਕਿ ਇੱਕ ਉੱਘੇ ਕਾਰੋਬਾਰੀ ਅਤੇ ਇਕ ਪੱਤਰਕਾਰ ਸਣੇ 143 ਪਾਸਪੋਰਟ ਬਿਨੈਕਾਰਾਂ ਨੇ ਇਸ ਸਹੂਲਤ ਦੀ ਦੁਰਵਰਤੋਂ ਕੀਤੀ ਅਤੇ ਦੇਸ਼ ਵਿਰੁੱਧ ਨਫ਼ਰਤ ਫੈਲਾਉਣ ਵਾਲੀ ਪ੍ਰਚਾਰ ਮਸ਼ੀਨਰੀ ਦਾ ਹਿੱਸਾ ਬਣ ਗਏ। ਇਕ ਬਿਆਨ 'ਚ ਪੁਲਸ ਨੇ ਕਿਹਾ ਕਿ ਰਾਸ਼ਟਰ ਵਿਰੋਧੀ ਤੱਤਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰਨ ਲਈ ਸਮੇਂ-ਸਮੇਂ 'ਤੇ ਰਣਨੀਤੀ ਤਿਆਰ ਕੀਤੀ ਜਾਂਦੀ ਹੈ। ਇਹ ਦੇਸ਼ ਵਿਰੋਧੀ ਅਨਸਰ ਸੁਰੱਖਿਆ ਬਲਾਂ ਨੂੰ ਲੁਭਾਉਣ ਲਈ ਨਵੇਂ-ਨਵੇਂ ਤਰੀਕੇ ਅਪਣਾ ਰਹੇ ਹਨ। ਪਹਿਲਾਂ ਉਹ ਸਾਫ਼-ਸੁਥਰੇ ਅਕਸ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਕੱਟੜਪੰਥੀ ਬਣਾ ਕੇ ਉਨ੍ਹਾਂ ਨੂੰ ਅਜਿਹੇ ਕੰਮ ਕਰਵਾਉਂਦੇ ਹਨ, ਜੋ ਉਨ੍ਹਾਂ ਦੇ ਨਾਪਾਕ ਮਨਸੂਬਿਆਂ ਨੂੰ ਪੂਰਾ ਕਰਨ ਲਈ ਢੁਕਵੇਂ ਹੁੰਦੇ ਹਨ।

ਬਿਆਨ 'ਚ ਕਿਹਾ ਗਿਆ ਹੈ ਕਿ ਭਾਰਤ ਵਿਰੋਧੀ ਪ੍ਰਚਾਰ ਮਸ਼ੀਨਰੀ ਨੂੰ ਰੋਕਣ ਅਤੇ ਬੇਨਕਾਬ ਕਰਨ ਲਈ ਧਾਰਮਿਕ ਨੇਤਾਵਾਂ, ਸਿਆਸਤਦਾਨਾਂ, ਵਕੀਲਾਂ ਅਤੇ ਪੱਤਰਕਾਰਾਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ ਇੱਕ ਡੂੰਘਾਈ ਨਾਲ ਜਾਂਚ ਜ਼ਰੂਰੀ ਹੈ। ਪੁਲਸ ਨੇ ਕਿਹਾ ਕਿ ਖਾਮੀਆਂ ਨੂੰ ਦੂਰ ਕਰਕੇ ਇਹ ਸੁਨਿਸ਼ਚਿਤ ਕੀਤਾ ਗਿਆ ਹੈ ਕਿ ਦੇਸ਼ ਤੋਂ ਬਾਹਰ ਉੱਚ ਸਿੱਖਿਆ ਹਾਸਲ ਕਰਨ ਦੇ ਇੱਛੁਕ ਸਾਫ਼-ਸੁਥਰੇ ਅਕਸ ਵਾਲੇ ਵਿਦਿਆਰਥੀਆਂ ਨੂੰ ਪਾਸਪੋਰਟ ਦੀ ਸਹੂਲਤ ਪ੍ਰਾਪਤ ਕਰਨ ਵਿਚ ਕੋਈ ਰੁਕਾਵਟ ਨਾ ਆਵੇ।

ਤਿੰਨ ਸਾਲਾਂ 'ਚ ਇੰਨੇ ਪਾਸਪੋਰਟਾਂ ਨੂੰ ਮਿਲੀ ਮਨਜ਼ੂਰੀ 

ਸੀ.ਆਈ.ਡੀ. ਹੈੱਡਕੁਆਰਟਰ ਨੇ ਪਾਸਪੋਰਟ ਸਹੂਲਤਾਂ ਦੀ ਕਿਸੇ ਵੀ ਦੁਰਵਰਤੋਂ ਤੋਂ ਬਚਣ ਦੇ ਇਰਾਦੇ ਨਾਲ ਖਾਮੀਆਂ ਨੂੰ ਦੂਰ ਕਰਨ ਲਈ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐੱਸ.ਓ.ਪੀ.) ਦੇ ਰੂਪ 'ਚ ਵਿਆਪਕ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ। ਪੁਲਸ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਪ੍ਰਾਪਤ ਹੋਈਆਂ ਕੁੱਲ 2,87,715 ਪਾਸਪੋਰਟ ਵੈਰੀਫਿਕੇਸ਼ਨ ਅਰਜ਼ੀਆਂ 'ਚੋਂ 2,81,759 ਨੂੰ ਮਨਜ਼ੂਰੀ ਦਿੱਤੀ ਗਈ। ਸਿਰਫ਼ 805 ਨੂੰ ਮਨਜ਼ੂਰੀ ਨਹੀਂ ਮਿਲੀ ਹੈ ਅਤੇ 5,151 ਅਰਜ਼ੀਆਂ ਪੈਂਡਿੰਗ ਹਨ। ਪੁਲਸ ਨੇ ਬਾਰਾਮੂਲਾ ਦੇ ਇਕ ਡਾਕਟਰ ਆਸਿਫ਼ ਮਕਬੂਲ ਡਾਰ ਦਾ ਵੀ ਹਵਾਲਾ ਦਿੱਤਾ ਅਤੇ ਕਿਹਾ ਕਿ ਉਹ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ਅਤੇ ਪਾਕਿਸਤਾਨ ਸਥਿਤ ਵੱਖਵਾਦੀ ਨੇਤਾਵਾਂ ਲਈ ਕੰਮ ਕਰ ਰਿਹਾ ਸੀ।


author

Rakesh

Content Editor

Related News