ਅਮਰੀਕਾ ਨਾਲ ਸਤੰਬਰ 'ਚ ਹੋਵੇਗੀ '2+2 ਗੱਲਬਾਤ' : ਸੀਤਾਰਮਣ

Saturday, Jul 14, 2018 - 03:03 AM (IST)

ਅਮਰੀਕਾ ਨਾਲ ਸਤੰਬਰ 'ਚ ਹੋਵੇਗੀ '2+2 ਗੱਲਬਾਤ' : ਸੀਤਾਰਮਣ

ਨਵੀਂ ਦਿੱਲੀ — ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਹੋਣ ਵਾਲੀ '2+2 ਗੱਲਬਾਤ' ਸਤੰਬਰ 'ਚ ਹੋਣ ਦੀ ਸੰਭਾਵਨਾ ਹੈ। ਇਹ ਗੱਲਬਾਤ ਬੀਤੀ 6 ਜੁਲਾਈ ਨੂੰ ਵਾਸ਼ਿੰਗਟਨ 'ਚ ਹੋਣੀ ਸੀ ਪਰ ਅਮਰੀਕਾ ਨੇ ਇਸ ਗੱਲਬਾਤ ਨੂੰ ਰੱਦ ਕਰ ਦਿੱਤਾ ਸੀ ਕਿਉਂਕਿ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੂੰ ਉੱਤਰੀ ਕੋਰੀਆ ਨਾਲ ਪ੍ਰਮਾਣੂ ਹਥਿਆਰਾਂ ਨੂੰ ਖਤਮ ਕਰਨ ਦੀ ਯੋਜਨਾ 'ਤੇ ਚਰਚਾ ਕਰਨ ਲਈ ਉਥੇ ਜਾਣਾ ਪਿਆ।
ਨਿਰਮਲਾ ਸੀਤਾਰਮਣ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਮਰੀਕਾ ਨਾਲ '2+2 ਗੱਲਬਾਤ' ਸਤੰਬਰ ਦੇ ਪਹਿਲੇ ਹਫਤੇ 'ਚ ਹੋਵੇਗੀ। ਇਸ ਗੱਲਬਾਤ 'ਚ ਰੱਖਿਆ ਅਤੇ ਸੁਰੱਖਿਆ ਸਹਿਯੋਗ 'ਤੇ ਚਰਚਾ ਕੀਤੀ ਜਾਵੇਗੀ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਸੀਤਾਰਮਣ ਇਸ ਗੱਲਬਾਤ 'ਚ ਪੋਂਪੀਓ ਅਤੇ ਅਮਰੀਕੀ ਰੱਖਿਆ ਮੰਤਰੀ ਜੇਮਸ ਮੈਟਿਸ ਨਾਲ ਗੱਲਬਾਤ ਕਰਨ ਲਈ ਅਮਰੀਕਾ ਜਾਣਗੀਆਂ। ਮੈਟਿਸ ਨੇ ਪਿਛਲੇ ਸਾਲ ਸਤੰਬਰ 'ਚ ਭਾਰਤ ਦਾ ਦੌਰਾ ਕੀਤਾ ਸੀ ਅਤੇ ਇਸ ਦੌਰਾਨ ਉਨ੍ਹਾਂ ਸੀਤਾਰਮਣ ਨਾਲ ਕਈ ਮੁੱਦਿਆਂ 'ਤੇ ਗੱਲਬਾਤ ਕੀਤੀ ਸੀ।
ਰੱਖਿਆ ਮੰਤਰੀ ਸੀਤਾਰਮਣ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਭਾਰਤ ਸੰਚਾਰ, ਸੁਰੱਖਿਆ ਸਮਝੌਤਾ (ਸੀ. ਓ. ਐੱਸ. ਸੀ. ਏ. ਐੱਸ. ਏ.) 'ਤੇ ਅਮਰੀਕਾ ਨਾਲ ਦਸਤਖਤ ਕਰੇਗਾ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਅਜੇ ਇਸ ਮੁੱਦੇ 'ਤੇ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ। ਮਾਊਂਟੇਨ ਸਟ੍ਰਾਇਕ ਕੋਰ ਨੂੰ ਆਰਥਿਕ ਦਿੱਕਤ ਕਾਰਨ ਛੱਡ ਦੇਣ ਦੇ ਫੈਸਲੇ ਦੀਆਂ ਖਬਰਾਂ ਦੇ ਬਾਰੇ 'ਚ ਪੁੱਛੇ ਜਾਣ 'ਤੇ ਸੀਤਾਰਮਣ ਨੇ ਕਿਹਾ ਕਿ ਇਹ ਫੌਜ 'ਤੇ ਨਿਰਭਰ ਕਰਦਾ ਹੈ ਕਿ ਉਹ ਇਸ ਨੂੰ ਕਿਵੇਂ ਲਾਗੂ ਕਰਦੀ ਹੈ।


Related News