ਨੂਪੁਰ ਸ਼ਰਮਾ ਵਿਵਾਦ ਤੋਂ ਬਾਅਦ ਭਾਰਤ ਦੀਆਂ 2,000 ਵੈੱਬਸਾਈਟਾਂ ਹੈਕ
Saturday, Jul 09, 2022 - 09:30 AM (IST)
ਅਹਿਮਦਾਬਾਦ– ਪੈਗੰਬਰ ਮੁਹੰਮਦ ਸਾਹਿਬ ’ਤੇ ਸਾਬਕਾ ਭਾਜਪਾ ਬੁਲਾਰਨ ਨੂਪੁਰ ਸ਼ਰਮਾ ਦੀ ਵਿਵਾਦਪੂਰਨ ਟਿੱਪਣੀ ਮਾਮਲੇ ਵਿਚ ਅਹਿਮਦਾਬਾਦ ਸਾਈਬਰ ਕ੍ਰਾਈਮ ਬ੍ਰਾਂਚ ਨੇ ਵੱਡਾ ਖ਼ੁਲਾਸਾ ਕੀਤਾ ਹੈ। ਸਾਈਬਰ ਕ੍ਰਾਈਮ ਬ੍ਰਾਂਚ ਦੇ ਡੀ. ਸੀ. ਪੀ. ਅਮਿਤ ਵਸਾਵਾ ਮੁਤਾਬਕ ਇਸ ਘਟਨਾ ਤੋਂ ਬਾਅਦ ਇੰਡੋਨੇਸ਼ੀਆ ਅਤੇ ਮਲੇਸ਼ੀਆ ਦੇ ਹੈਕਰਸ ਨੇ ਭਾਰਤ ਖਿਲਾਫ ਸਾਈਬਰ ਜੰਗ ਸ਼ੁਰੂ ਕੀਤੀ ਹੈ। ਇਨ੍ਹਾਂ ਹੈਕਰਸ ਨੇ ਮੁਸਲਿਮ ਭਾਈਚਾਰੇ ਦੇ ਹੋਰਨਾਂ ਹੈਕਰਾਂ ਨੂੰ ਵੀ ਅਜਿਹਾ ਕਰਨ ਲਈ ਕਿਹਾ ਸੀ। ਇਸ ਸੰਬੰਧੀ ਅਹਿਮਦਾਬਾਦ ਸਾਈਬਰ ਕ੍ਰਾਈਮ ਬ੍ਰਾਂਚ ਨੇ ਦੋਵਾਂ ਦੇਸ਼ਾਂ ਦੀ ਸਰਕਾਰ ਨੂੰ ਚਿੱਠੀ ਲਿਖੀ ਹੈ।
ਅਹਿਮਦਾਬਾਦ ਸਾਈਬਰ ਕ੍ਰਾਈਮ ਬ੍ਰਾਂਚ ਦਾ ਕਹਿਣਾ ਹੈ ਕਿ ਮਲੇਸ਼ੀਆ ਦੇ ਡ੍ਰੈਗਨ ਫੋਰਸ ਮਲੇਸ਼ੀਆ ਅਤੇ ਇੰਡੋਨੇਸ਼ੀਆ ਦੇ ਐਕਟੀਵਿਸਟ ਇੰਡੋਨੇਸ਼ੀਆ ਦੋਵਾਂ ਦੇਸ਼ਾਂ ਦੇ ਇਨ੍ਹਾਂ ਹੈਕਰਸ ਗਰੁੱਪ ਨੇ ਨੂਪੁਰ ਸ਼ਰਮਾ ਮਾਮਲੇ ਤੋਂ ਬਾਅਦ ਵਿਸ਼ਵ ਦੇ ਮੁਸਲਿਮ ਹੈਕਰਸ ਨੂੰ ਅਪੀਲ ਕੀਤੀ ਹੈ। ਅਹਿਮਦਾਬਾਦ ਸਾਈਬਰ ਕ੍ਰਾਈਮ ਬ੍ਰਾਂਚ ਦੇ ਡੀ. ਸੀ. ਪੀ. ਅਮਿਤ ਵਸਾਵਾ ਮੁਤਾਬਕ ਉਨ੍ਹਾਂ ਅਪੀਲ ਕੀਤੀ ਹੈ ਕਿ ਦੁਨੀਆ ਭਰ ਦੇ ਮੁਸਲਿਮ ਹੈਕਰਸ ਭਾਰਤ ਖਿਲਾਫ ਸਾਈਬਰ ਜੰਗ ਦੀ ਸ਼ੁਰੂਆਤ ਕਰਨ। ਇੰਨਾ ਹੀ ਨਹੀਂ ਅਹਿਮਦਾਬਾਦ ਸਾਈਬਰ ਕ੍ਰਾਈਮ ਬ੍ਰਾਂਚ ਨੇ ਇਹ ਖ਼ੁਲਾਸਾ ਵੀ ਕੀਤਾ ਹੈ ਕਿ ਹੈਕਰਸ ਦੇ ਗਰੁੱਪ ਨੇ ਭਾਰਤ ਦੀਆਂ 2,000 ਵੈੱਬਸਾਈਟਾਂ ਹੈਕ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਹਾਲ ਹੀ ਦੇ ਦਿਨਾਂ ਵਿਚ ਹੈਕਿੰਗ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਹੈਕਰਸ ਨੇ ਨੂਪੁਰ ਸ਼ਰਮਾ ਦੇ ਘਰ ਦੀ ਲੋਕੇਸ਼ਨ ਤੋਂ ਇਲਾਵਾ ਕਈ ਹੋਰ ਅਹਿਮ ਜਾਣਕਾਰੀਆਂ ਆਨਲਾਈਨ ਲੀਕ ਕਰ ਦਿੱਤੀਆਂ ਸਨ।