84 ਸਿੱਖ ਦੰਗਿਆਂ ਦੇ ਕੋਰੋਨਾ ਪਾਜ਼ੇਟਿਵ ਸਹਿ ਦੋਸ਼ੀ ਨੂੰ ਸੁਪਰੀਟ ਕੋਰਟ ਨੇ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ

Wednesday, Jul 01, 2020 - 05:54 PM (IST)

84 ਸਿੱਖ ਦੰਗਿਆਂ ਦੇ ਕੋਰੋਨਾ ਪਾਜ਼ੇਟਿਵ ਸਹਿ ਦੋਸ਼ੀ ਨੂੰ ਸੁਪਰੀਟ ਕੋਰਟ ਨੇ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਸਾਬਕਾ ਵਿਧਾਇਕ ਮਹਿੰਦਰ ਯਾਦਵ ਨੂੰ ਅੰਤਰਿਮ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਮਹਿੰਦਰ ਯਾਦਵ 1984 ਸਿੱਖ ਵਿਰੋਧੀ ਦੰਗਿਆਂ ਦੇ ਸਹਿ-ਦੋਸ਼ੀ ਹਨ। ਦਰਅਸਲ ਕੋਰੋਨਾ ਪਾਜ਼ੇਟਿਵ ਮਹਿੰਦਰ ਯਾਦਵ ਦਿੱਲੀ ਦੀ ਮੰਡੌਲੀ ਜੇਲ 'ਚ ਸਜ਼ਾ ਕੱਟ ਰਹੇ ਹਨ, ਨੇ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ। ਬੀਤੇ ਦਿਨੀਂ ਹੀ ਢਿੱਡ ਦਰਦ ਦੀ ਸ਼ਿਕਾਇਤ 'ਚ ਉਨ੍ਹਾਂ ਨੂੰ ਜੇਲ ਪ੍ਰਸ਼ਾਸਨ ਨੇ ਹਸਪਤਾਲ 'ਚ ਭਰਤੀ ਕਰਵਾਇਆ ਸੀ। ਹਸਪਤਾਲ ਵਿਚ ਉਨ੍ਹਾਂ ਦਾ ਕੋਵਿਡ-19 ਦਾ ਟੈਸਟ ਵੀ ਹੋਇਆ ਤਾਂ ਰਿਪੋਰਟ ਪਾਜ਼ੇਟਿਵ ਆਈ। 

ਓਧਰ ਜਸਟਿਸ ਇੰਦਰਾ ਬੈਨਰਜੀ ਅਤੇ ਜਸਟਿਸ ਬੀ. ਆਰ. ਗਵਈ ਦੀ ਬੈਂਚ ਨੇ ਯਾਦਵ ਦੀ ਅੰਤਰਿਮ ਜ਼ਮਾਨਤ ਪਟੀਸ਼ਨ 'ਤੇ ਵਿਚਾਰ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਹਸਪਤਾਲ ਵਿਚ ਇਲਾਜ ਦਿੱਤਾ ਜਾ ਰਿਹਾ ਹੈ, ਜਿੱਥੇ ਕਿਸੇ ਰਿਸ਼ਤੇਦਾਰ ਦੇ ਜਾਣ ਦੀ ਆਗਿਆ ਨਹੀਂ ਹੈ। ਜ਼ਮਾਨਤ ਦੇਣ ਦਾ ਕੋਈ ਆਧਾਰ ਨਹੀਂ ਹੈ, ਕਿਉਂਕਿ ਯਾਦਵ ਦੇ ਇਲਾਜ ਨੂੰ ਲੈ ਕੇ ਪਰਿਵਾਰ ਨੂੰ ਕੋਈ ਸ਼ਿਕਾਇਤ ਨਹੀਂ ਹੈ। ਬੈਂਚ ਨੇ ਸਾਫ ਕੀਤਾ ਕਿ ਉਂਝ ਵੀ ਉਹ ਆਈ. ਸੀ. ਯੂ. ਵਿਚ ਹਨ ਅਤੇ ਪਰਿਵਾਰ ਦਾ ਕੋਈ ਵੀ ਮੈਂਬਰ ਉਨ੍ਹਾਂ ਨੂੰ ਨਹੀਂ ਮਿਲ ਸਕਦਾ, ਜਿੱਥੇ ਕੋਵਿਡ-19 ਦੇ ਲਾਗ ਦਾ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। 

ਦੱਸ ਦੇਈਏ ਕਿ ਇਸ ਮਾਮਲੇ ਵਿਚ ਯਾਦਵ ਨਾਲ ਕਾਂਗਰਸ ਦੇ ਸਾਬਕਾ ਨੇਤਾ ਸੱਜਣ ਕੁਮਾਰ ਅਤੇ ਸਾਬਕਾ ਕੌਂਸਲਰ ਬਲਵਾਨ ਖੋਖੜ ਇਸ ਸਮੇਂ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ। ਯਾਦਵ ਦੇ ਵਕੀਲ ਨੇ ਬੈਂਚ ਨੂੰ ਕਿਹਾ ਕਿ ਦੋਸ਼ੀ 70 ਸਾਲ ਤੋਂ ਵਧੇਰੇ ਉਮਰ ਦਾ ਹੈ ਅਤੇ ਮੰਡੋਲੀ ਜੇਲ ਵਿਚ 26 ਜੂਨ ਨੂੰ ਉਸ ਦੇ ਕੋਵਿਡ-19 ਦੇ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਬੈਂਚ ਨੇ ਕਿਹਾ ਕਿ ਅਸੀਂ ਨਹੀਂ ਸਮਝਦੇ ਕਿ ਇਲਾਜ ਬਾਰੇ ਕਿਸੇ ਸਪੱਸ਼ਟ ਦੋਸ਼ ਜਾਂ ਸ਼ਿਕਾਇਤ ਦੀ ਘਾਟ 'ਚ ਅਸੀਂ ਇਸ ਪਟੀਸ਼ਨ 'ਤੇ ਵਿਚਾਰ ਕਰ ਸਕਦੇ ਹਾਂ ਅਤੇ ਨਿਯਮਾਂ ਦਾ ਪਾਲਣ ਤਾਂ ਕਰਨਾ ਹੀ ਹੋਵੇਗਾ। ਕਿਤੇ ਵੀ ਰਿਸ਼ਤੇਦਾਰਾਂ ਨੂੰ ਮਰੀਜ਼ ਕੋਲ ਜਾਣ ਦੀ ਇਜਾਜ਼ਤ ਨਹੀਂ ਹੁੰਦੀ ਹੈ। ਦੰਗਾ ਪੀੜਤਾਂ ਵਲੋਂ ਸੀਨੀਅਰ ਵਕੀਲ ਐੱਚ. ਐੱਸ. ਫੂਲਕਾ ਨੇ ਯਾਦਵ ਦੀ ਅੰਤਰਿਮ ਜ਼ਮਾਨਤ ਦੀ ਅਰਜ਼ੀ ਦਾ ਵਿਰੋਧ ਕੀਤਾ।


author

Tanu

Content Editor

Related News