1984 ਸਿੱਖ ਵਿਰੋਧੀ ਦੰਗੇ : ਜਗਦੀਸ਼ ਟਾਈਟਲਰ 'ਤੇ MP-MLA ਕੋਰਟ 'ਚ ਚੱਲੇਗਾ ਮੁਕੱਦਮਾ
Friday, Jun 02, 2023 - 11:51 AM (IST)
ਨਵੀਂ ਦਿੱਲੀ- 1984 ਸਿੱਖ ਵਿਰੋਧੀ ਦੰਗਿਆਂ 'ਚ ਮੁਲਜ਼ਮ ਕਾਂਗਰਸ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਜਗਦੀਸ਼ ਟਾਈਟਲਰ ਖ਼ਿਲਾਫ਼ ਹੁਣ ਐੱਮ.ਪੀ.-ਐੱਮ.ਐੱਲ.ਏ. ਕੋਰਟ 'ਚ ਮੁਕੱਦਮਾ ਚੱਲੇਗਾ। ਦਿੱਲੀ ਦੀ ਰਾਊਜ ਐਵੇਨਿਊ ਕੋਰਟ ਨੇ ਟਾਈਟਲਰ ਖ਼ਿਲਾਫ਼ ਸੀ.ਬੀ.ਆਈ. ਦੀ ਸਪਲੀਮੈਂਟ੍ਰੀ ਚਾਰਜਸ਼ੀਟ ਨੂੰ ਮਨਜ਼ੂਰੀ ਨਾਲ ਵਿਸ਼ੇਸ਼ ਐੱਮ.ਪੀ.-ਐੱਮ.ਐੱਲ.ਏ. ਕੋਰਟ 'ਚ ਮੁਕੱਦਮਾ ਚਲਾਉਣ ਲਈ ਟਰਾਂਸਫਰ ਕਰ ਦਿੱਤਾ ਹੈ। ਕੋਰਟ ਇਸ ਮਾਮਲੇ ਦੀ ਸੁਣਵਾਈ 8 ਜੂਨ ਨੂੰ ਕਰੇਗਾ। ਟਾਈਟਲਰ 'ਤੇ ਕਤਲ ਕਰਨ ਵਾਲੀ ਭੀੜ ਨੂੰ ਉਕਸਾਉਣ ਦਾ ਦੋਸ਼ ਹੈ। ਸੀ.ਬੀ.ਆਈ. ਨੇ ਪੁਲ ਬੰਗਸ਼ ਇਲਾਕੇ 'ਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਹਾਲ 'ਚ ਟਾਈਟਲਰ ਦੀ ਆਵਾਜ਼ ਦਾ ਨਮੂਨਾ ਲਿਆ ਸੀ। ਦੰਗਿਆਂ ਦੀ ਜਾਂਚ ਕਰਨ ਵਾਲੇ ਨਾਨਾਵਤੀ ਕਮਿਸ਼ਨ ਦੀ ਰਿਪੋਰਟ 'ਚ ਟਾਈਟਲਰ ਦਾ ਨਾਮ ਸ਼ਾਮਲ ਸੀ।
ਇਹ ਵੀ ਪੜ੍ਹੋ : ਮੱਧ ਪ੍ਰਦੇਸ਼ ਦੇ ਸਕੂਲ ’ਚ ਹਿੰਦੂ ਵਿਦਿਆਰਥਣਾਂ ਨੂੰ ਪਹਿਨਾਇਆ ਹਿਜਾਬ
ਇਹ ਮਾਮਲਾ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੇ ਇਕ ਦਿਨ ਬਾਅਦ 1 ਨਵੰਬਰ 1984 ਨੂੰ ਪੁਲ ਬੰਗਸ਼ ਇਲਾਕੇ ਵਿਚ ਇਕ ਗੁਰਦੁਆਰਾ ਸਾਹਿਬ 'ਚ ਅੱਗ ਲਾਏ ਜਾਣ ਅਤੇ 3 ਲੋਕਾਂ ਦੇ ਕਤਲ ਨਾਲ ਜੁੜਿਆ ਹੈ। CBI ਨੇ ਇੱਥੇ ਇਕ ਵਿਸ਼ੇਸ਼ ਅਦਾਲਤ ਦੇ ਸਾਹਮਣੇ ਦਾਖ਼ਲ ਆਪਣੇ ਦੋਸ਼ ਪੱਤਰ 'ਚ ਕਿਹਾ ਹੈ ਕਿ ਜਗਦੀਸ਼ ਨੇ 1 ਨਵੰਬਰ 1984 ਨੂੰ ਪੁਲ ਬੰਗਸ਼ ਗੁਰਦੁਆਰਾ ਆਜ਼ਾਦ ਮਾਰਕੀਟ 'ਚ ਇਕੱਠੀ ਹੋਈ ਭੀੜ ਨੂੰ ਉਕਸਾਇਆ ਅਤੇ ਭੜਕਾਇਆ। ਜਿਸ ਦੇ ਨਤੀਜੇ ਵਜੋਂ ਗੁਰਦੁਆਰੇ ਨੂੰ ਸਾੜ ਦਿੱਤਾ ਗਿਆ ਅਤੇ 3 ਸਿੱਖਾਂ- ਠਾਕੁਰ ਸਿੰਘ, ਬਾਦਲ ਸਿੰਘ ਅਤੇ ਗੁਰਚਰਣ ਸਿੰਘ ਦਾ ਕਤਲ ਕਰ ਦਿੱਤਾ ਗਿਆ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ