1984 ਸਿੱਖ ਵਿਰੋਧੀ ਦੰਗੇ : ਸੱਜਣ ਕੁਮਾਰ ਦਾ ਕੋਰਟ ''ਚ ਦਾਅਵਾ, ਕਿਹਾ- ''ਮੈਂ ਤਾਂ....''
Monday, Jul 07, 2025 - 04:41 PM (IST)

ਨੈਸ਼ਨਲ ਡੈਸਕ- ਦਿੱਲੀ ਦੀ ਇਕ ਕੋਰਟ ਨੇ ਸੋਮਵਾਰ ਨੂੰ 1984 ਸਿੱਖ ਵਿਰੋਧੀ ਦੰਗਿਆਂ ਦੌਰਾਨ ਰਾਜਧਾਨੀ ਦੇ ਜਨਕਪੁਰੀ ਅਤੇ ਵਿਕਾਸਪੁਰੀ ਇਲਾਕਿਆਂ 'ਚ ਹੋਈ ਹਿੰਸਾ ਦੇ ਮਾਮਲੇ ਵਿਚ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਦਾ ਬਿਆਨ ਦਰਜ ਕੀਤਾ ਹੈ। ਸੱਜਣ ਕੁਮਾਰ ਨੇ ਕੋਰਟ ਵਿਚ ਦਾਅਵਾ ਕੀਤਾ ਹੈ ਕਿ ਉਹ ਬੇਕਸੂਰ ਹੈ। ਮੇਰੇ ਖਿਲਾਫ਼ ਇਕ ਵੀ ਸਬੂਤ ਨਹੀਂ ਹੈ। ਵਿਸ਼ੇਸ਼ ਜੱਜ ਦਿਗ ਵਿਨਯ ਸਿੰਘ ਨੇ ਸੱਜਣ ਦਾ ਬਿਆਨ ਦਰਜ ਕੀਤਾ ਹੈ।
ਸੱਜਣ ਕੁਮਾਰ ਨੇ ਅੱਗੇ ਕਿਹਾ ਕਿ ਨਿਰਪੱਖ ਜਾਂਚ ਨਹੀਂ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਬੇਬੁਨਿਆਦ ਦੋਸ਼ਾਂ ਨਾਲ ਫਸਾਇਆ ਜਾ ਰਿਹਾ। ਕਿਸੇ ਵੀ ਗਵਾਹ ਨੇ ਮੇਰਾ ਨਾਂ ਨਹੀਂ ਲਿਆ। ਦਹਾਕਿਆਂ ਬਾਅਦ ਮੇਰਾ ਨਾਂ ਲਿਆ ਗਿਆ। ਮੇਰੇ ਖਿਲਾਫ਼ ਕੇਸ ਝੂਠਾ ਅਤੇ ਸਿਆਸਤ ਤੋਂ ਪ੍ਰੇਰਿਤ ਹੈ। ਸੱਜਣ ਨੇ ਕਿਹਾ ਕਿ ਮੇਰਾ ਲਾਈਫ ਡਿਟੈਕਟਰ ਟੈਸਟ ਕੀਤਾ ਗਿਆ, ਜਿੱਥੇ ਮੈਂ ਖੁਦ ਨੂੰ ਬੇਕਸੂਰ ਸਾਬਤ ਕਰਨ ਲਈ ਸਵੈ-ਇੱਛਾ ਨਾਲ ਹਿੱਸਾ ਲਿਆ। ਹਾਲਾਂਕਿ ਸੱਜਣ ਕੁਮਾਰ ਵਲੋਂ ਬਿਆਨ ਦਰਜ ਕਰਨ ਮਗਰੋਂ ਕੋਰਟ ਨੇ ਸੁਣਵਾਈ ਮਗਰੋਂ ਅਗਲੀ ਤਾਰੀਖ਼ 29 ਜੁਲਾਈ ਨੂੰ ਸੁਣਵਾਈ ਕਰਨ ਲਈ ਮੁਕਰਰ ਕੀਤੀ ਹੈ।
ਦੱਸ ਦੇਈਏ ਕਿ ਫਰਵਰੀ 2015 ਵਿਚ ਇਕ ਵਿਸ਼ੇਸ਼ ਜਾਂਚ ਟੀਮ ਨੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਇਲਾਕਿਆਂ ਵਿਚ ਹਿੰਸਾ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਕੁਮਾਰ ਵਿਰੁੱਧ ਦੋ FIR ਦਰਜ ਕੀਤੀਆਂ। ਪਹਿਲੀ FIR ਜਨਕਪੁਰੀ ਵਿਚ ਹੋਈ ਹਿੰਸਾ ਨੂੰ ਲੈ ਕੇ ਸੀ, ਜਿੱਥੇ 1 ਨਵੰਬਰ, 1984 ਨੂੰ ਦੋ ਵਿਅਕਤੀਆਂ ਸੋਹਣ ਸਿੰਘ ਅਤੇ ਉਸ ਦੇ ਜਵਾਈ ਅਵਤਾਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਦੂਜੀ FIR ਗੁਰਚਰਨ ਸਿੰਘ ਦੇ ਮਾਮਲੇ ਵਿਚ ਦਰਜ ਕੀਤੀ ਗਈ ਸੀ, ਜਿਸ ਨੂੰ 2 ਨਵੰਬਰ, 1984 ਨੂੰ ਵਿਕਾਸਪੁਰੀ ਵਿਚ ਕਥਿਤ ਤੌਰ 'ਤੇ ਅੱਗ ਲਗਾ ਦਿੱਤੀ ਗਈ ਸੀ।