ਸਰਕਾਰੀ ਸਕੂਲ ''ਚ ਅੰਮ੍ਰਿਤਧਾਰੀ ਵਿਦਿਆਰਥਣ ਨੂੰ ਕਿਰਪਾਨ ਧਾਰਨ ਕਰਨ ਤੋਂ ਰੋਕਿਆ, ਸਿੱਖ ਸੰਗਤਾਂ ''ਚ ਰੋਸ
Thursday, Jul 03, 2025 - 03:51 PM (IST)

ਨਵੀਂ ਦਿੱਲੀ (ਕਮਲ ਕਾਂਸਲ)- ਦਿੱਲੀ ਦੇ ਸਰਕਾਰੀ ਸਕੂਲ ਵਿਚ ਇਕ ਸਿੱਖ ਵਿਦਿਆਰਥਣ ਨੂੰ ਕਿਰਪਾਨ ਧਾਰਨ ਕਰਨ ਤੋਂ ਰੋਕਿਆ ਗਿਆ। ਉਕਤ ਵਿਦਿਆਰਥਣ 11ਵੀਂ ਜਮਾਤ 'ਚ ਪੜ੍ਹਦੀ ਹੈ। ਸਕੂਲ ਵਲੋਂ ਕਿਹਾ ਗਿਆ ਹੈ ਕਿ ਛੋਟੀ ਕਿਰਪਾਨ ਪਹਿਨੋ ਜਾਂ ਸਕੂਲ ਸਮੇਂ ਇਸ ਕਿਰਪਾਨ ਨਾ ਪਹਿਨੋ। ਇਹ ਮਾਮਲਾ ਦਿੱਲੀ ਸਰਕਾਰ ਵਿਚ ਸਰਵੋਦਿਆ ਗਰਲਜ਼ ਸਕੂਲ ਦਾ ਹੈ।
ਕੀ ਹੈ ਮਾਮਲਾ?
ਦਰਅਸਲ ਗਰਮੀਆਂ ਦੀਆਂ ਛੁੱਟੀਆਂ ਵਿਚ ਬੱਚਿਆਂ ਨੂੰ ਅੰਮ੍ਰਿਤ ਛਕਾਇਆ ਗਿਆ ਸੀ। ਗਰਮੀਆਂ ਦੀਆਂ ਛੁੱਟੀਆਂ ਮਗਰੋਂ ਜਦੋਂ ਸਕੂਲ ਖੁੱਲ੍ਹੇ ਤਾਂ ਸਿੱਖ ਵਿਦਿਆਰਥਣ ਸਕੂਲ ਪਹੁੰਚੀ ਤਾਂ ਉਸ ਦੀ ਜਮਾਤ ਦੀ ਟੀਚਰ ਨੇ ਕਿਹਾ ਕਿ ਕਿਰਪਾਨ ਛੋਟੀ ਪਹਿਨੋ ਜਾਂ ਫਿਰ ਸਕੂਲ ਦੇ ਸਮੇਂ ਕਿਰਪਾਨ ਨਾ ਪਹਿਨੋ। ਵਿਦਿਆਰਥਣ ਨੇ ਦੱਸਿਆ ਕਿ ਸਕੂਲ ਦੀ ਪ੍ਰਿੰਸੀਪਲ ਵਲੋਂ ਕਿਰਪਾਨ ਵਿਖਾਉਣ ਲਈ ਵੀ ਕਿਹਾ ਗਿਆ। ਜਦੋਂ ਇਹ ਮਾਮਲਾ ਸਿੱਖ ਸੰਗਤ ਕੋਲ ਪਹੁੰਚਿਆ ਤਾਂ ਉਨ੍ਹਾਂ ਨੇ ਪ੍ਰਿੰਸੀਪਲ ਨਾਲ ਗੱਲਬਾਤ ਕੀਤੀ, ਜਿਸ ਤੋਂ ਬਾਅਦ ਪ੍ਰਿੰਸੀਪਲ ਵਲੋਂ ਕਿਹਾ ਗਿਆ ਕਿ ਸਾਨੂੰ ਇਸ ਦੀ ਜਾਣਕਾਰੀ ਨਹੀਂ ਸੀ ਪਰ ਹੁਣ ਉਹ ਕਿਰਪਾਨ ਪਹਿਨ ਕੇ ਆ ਸਕਦੀ ਹੈ। ਦੱਸ ਦੇਈਏ ਕਿ ਸਿੱਖ ਧਰਮ ਵਿਚ ਕਿਰਪਾਨ ਇਕ ਧਾਰਮਿਕ ਚਿੰਨ੍ਹ ਹੈ, ਜਿਸਨੂੰ 'ਕੰਕਾਰ' ਕਿਹਾ ਜਾਂਦਾ ਹੈ, ਅਤੇ ਇਸ ਨੂੰ ਪਹਿਨਣਾ ਲਾਜ਼ਮੀ ਮੰਨਿਆ ਜਾਂਦਾ ਹੈ।