ਦੋਸਤ ਨਾਲ ਮਿਲ ਘੜੀ ਡਕੈਤੀ ਦੀ ਕਹਾਣੀ ! ਸਾਥੀ ਪੈਸੇ ਲੈ ਭੱਜਿਆ ਤਾਂ ਆਪੇ ਪਹੁੰਚ ਗਿਆ ਥਾਣੇ
Friday, Jul 04, 2025 - 03:56 PM (IST)
 
            
            ਨਵੀਂ ਦਿੱਲੀ- ਦਿੱਲੀ ਪੁਲਸ ਨੇ ਪੱਛਮੀ ਦਿੱਲੀ ਦੇ ਮੋਤੀ ਨਗਰ ਇਲਾਕੇ 'ਚ 13 ਲੱਖ ਰੁਪਏ ਦੀ ਡਕੈਤੀ ਘੜਨ ਦੇ ਮਾਮਲੇ 'ਚ ਸ਼ਿਕਾਇਤਕਰਤਾ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ਿਕਾਇਤਕਰਤਾ ਸੁਭਾਸ਼ ਚੰਦ (22), ਇੱਕ ਵਪਾਰਕ ਫਰਮ ਵਿੱਚ ਅਕਾਊਂਟੈਂਟ ਵਜੋਂ ਕੰਮ ਕਰਦਾ ਹੈ ਅਤੇ ਇਸ ਸਾਜ਼ਿਸ਼ ਦਾ ਮੁੱਖ ਸਾਜ਼ਿਸ਼ਕਰਤਾ ਸੀ।
ਪੁਲਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਨੇ ਕਥਿਤ ਤੌਰ 'ਤੇ ਆਪਣੇ ਦੋਸਤ ਵਿਜੇਪਾਲ (26), ਜੋ ਕਿ ਹਰਿਆਣਾ ਦੇ ਮਹਿੰਦਰਗੜ੍ਹ ਦਾ ਰਹਿਣ ਵਾਲਾ ਹੈ, ਨਾਲ ਮਿਲ ਕੇ ਇੱਕ ਝੂਠੀ ਡਕੈਤੀ ਦੀ ਕਹਾਣੀ ਰਚੀ, ਜਿਸ ਮਗਰੋਂ ਉਸ ਦਾ ਦੋਸਤ ਨਕਦੀ ਲੈ ਕੇ ਭੱਜ ਗਿਆ।
ਇਹ ਮਾਮਲਾ ਵੀਰਵਾਰ ਨੂੰ ਉਦੋਂ ਸਾਹਮਣੇ ਆਇਆ ਜਦੋਂ ਸੁਭਾਸ਼ ਨੇ ਪੁਲਸ ਨੂੰ ਫ਼ੋਨ ਕੀਤਾ ਅਤੇ ਦਾਅਵਾ ਕੀਤਾ ਕਿ ਬੈਂਕ ਤੋਂ ਪੈਸੇ ਕਢਵਾਉਣ ਤੋਂ ਬਾਅਦ ਉਸ ਤੋਂ 13 ਲੱਖ ਰੁਪਏ ਲੁੱਟ ਲਏ ਗਏ ਸਨ। ਸੁਭਾਸ਼ ਨੇ ਪੁਲਸ ਨੂੰ ਦੱਸਿਆ ਕਿ ਤਿੰਨ ਮੋਟਰਸਾਈਕਲਾਂ 'ਤੇ ਸਵਾਰ 6 ਅਣਪਛਾਤੇ ਵਿਅਕਤੀਆਂ ਨੇ ਫਲਾਈਓਵਰ 'ਤੇ ਉਸ 'ਤੇ ਚਾਕੂ ਨਾਲ ਹਮਲਾ ਕੀਤਾ ਅਤੇ ਪੈਸੇ ਲੈ ਕੇ ਭੱਜ ਗਏ।
ਇਹ ਵੀ ਪੜ੍ਹੋ- ਹੋਰ ਵਧੇਗੀ ਭਾਰਤੀ ਫ਼ੌਜ ਦੀ ਤਾਕਤ ! ਰੱਖਿਆ ਮੰਤਰਾਲੇ ਨੇ 1 ਲੱਖ ਕਰੋੜ ਦੀਆਂ ਯੋਜਨਾਵਾਂ ਨੂੰ ਦਿੱਤੀ ਮਨਜ਼ੂਰੀ
ਇਸ ਮਾਮਲੇ ਦੀ ਜਾਂਚ ਲਈ ਇਕ ਟੀਮ ਬਣਾਈ ਗਈ ਅਤੇ ਜਾਂਚ ਦੌਰਾਨ ਟੀਮ ਨੇ ਦੱਸੀ ਗਈ ਘਟਨਾ ਵਾਲੀ ਥਾਂ ਜਾ ਕੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਸਕੈਨ ਕੀਤੀ, ਪਰ ਉਸ 'ਚ ਕੋਈ ਸ਼ੱਕੀ ਗਤੀਵਿਧੀ ਜਾਂ ਸੁਭਾਸ਼ ਦਾ ਪਿੱਛਾ ਕਰਨ ਵਾਲਾ ਕੋਈ ਵਾਹਨ ਨਹੀਂ ਮਿਲਿਆ। ਇਸ ਤੋਂ ਇਲਾਵ ਪੁਲਸ ਨੇ ਇਹ ਵੀ ਪਾਇਆ ਕਿ ਸੁਭਾਸ਼ ਦੀਆਂ ਸੱਟਾਂ ਆਮ ਸਨ ਅਤੇ ਚਾਕੂ ਦੇ ਹਮਲੇ ਕਾਰਨ ਹੋਣ ਵਾਲੀਆਂ ਸੱਟਾਂ ਵਾਂਗ ਨਹੀਂ ਸਨ।
ਪੁੱਛਗਿੱਛ ਕਰਨ 'ਤੇ ਸੁਭਾਸ਼ ਨੇ ਕਬੂਲ ਕੀਤਾ ਕਿ ਉਸ ਨੇ ਪੂਰੀ ਡਕੈਤੀ ਦੀ ਯੋਜਨਾ ਬਣਾਈ ਸੀ। ਉਸ ਨੇ ਇਹ ਵੀ ਮੰਨਿਆ ਕਿ ਉਸ ਨੇ ਰਾਜੌਰੀ ਗਾਰਡਨ ਮੈਟਰੋ ਸਟੇਸ਼ਨ 'ਤੇ ਵਿਜੇਪਾਲ ਨੂੰ ਨਕਦੀ ਸੌਂਪੀ ਸੀ ਅਤੇ ਬਾਅਦ ਵਿੱਚ ਪੁਲਸ ਨੂੰ ਗੁੰਮਰਾਹ ਕਰਨ ਲਈ ਘਟਨਾ ਬਾਰੇ ਗਲਤ ਜਾਣਕਾਰੀ ਦਿੱਤੀ ਸੀ।
ਪੁਲਸ ਨੇ ਦੱਸਿਆ ਕਿ ਸੁਭਾਸ਼ ਜੂਏ ਵਿੱਚ 30 ਲੱਖ ਰੁਪਏ ਹਾਰ ਗਿਆ ਸੀ ਅਤੇ ਰਕਮ ਵਾਪਸ ਕਰਨ ਲਈ ਉਸ 'ਤੇ ਕਾਫ਼ੀ ਦਬਾਅ ਪਾਇਆ ਜਾ ਰਿਹਾ ਸੀ। ਆਪਣੇ ਨੁਕਸਾਨ ਦੀ ਭਰਪਾਈ ਲਈ, ਉਸ ਨੇ ਆਪਣੀ ਕੰਪਨੀ ਦੇ ਖਾਤੇ ਵਿੱਚੋਂ 13 ਲੱਖ ਰੁਪਏ ਕਢਵਾ ਕੇ ਵਿਜੇਪਾਲ ਨੂੰ ਦੇ ਦਿੱਤੇ।
ਵਿਜੇਪਾਲ ਇੱਕ ਬਾਈਕ ਟੈਕਸੀ 'ਤੇ ਫਰਾਰ ਹੋ ਗਿਆ ਅਤੇ ਬਾਅਦ ਵਿੱਚ ਹਰਿਆਣਾ ਵਿੱਚ ਆਪਣੇ ਜੱਦੀ ਪਿੰਡ ਲਈ ਬੱਸ ਵਿੱਚ ਸਵਾਰ ਹੋ ਗਿਆ। ਇੱਕ ਟੀਮ ਨੂੰ ਤੁਰੰਤ ਮਹਿੰਦਰਗੜ੍ਹ ਭੇਜਿਆ ਗਿਆ ਜਿੱਥੇ ਉਨ੍ਹਾਂ ਨੇ ਵਿਜੇਪਾਲ ਦੇ ਘਰ ਤੋਂ ਸਾਰੀ ਰਕਮ ਬਰਾਮਦ ਕੀਤੀ। ਉਨ੍ਹਾਂ ਕਿਹਾ ਕਿ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ- ਵਿਦਿਆਰਥੀਆਂ ਦੀਆਂ ਲੱਗੀਆਂ ਮੌਜਾਂ ! ਖ਼ਾਤਿਆਂ 'ਚ ਆਉਣ ਲੱਗੇ ਪੈਸੇ, ਸਰਕਾਰ ਵੱਲੋਂ 235 ਕਰੋੜ ਰੁਪਏ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            